ਫਿਰੋਜਪੁਰ – ਆਮ ਆਦਮੀ ਪਾਰਟੀ (ਆਪ) ਦੇ ਫਿਰੋਜਪੁਰ ਦੇ ਜਿਲਾ ਇੰਚਾਰਜ ਭੁਪਿੰਦਰ ਕੌਰ ਅਤੇ ਜ਼ਿਲਾ ਸਕੱਤਰ ਇਕਬਾਲ ਸਿੰਘ ਨੇ ਜ਼ਮੀਰ ਦੀ ਆਵਾਜ਼ ਸੁਣਨ ਦਾ ਵਾਸਤਾ ਦਿੰਦਿਆਂ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਂਗਰਸ ਦੇ ਆਗੂਆਂ ਅਤੇ ਵਰਕਰਾਂ ਨੂੰ ਪਾਰਟੀਆਂ ਛੱਡ ਮੋਦੀ-ਕੈਪਟਨ ਦੀ ਮਿਲੀਭੁਗਤ ਦੇ ਖ਼ਿਲਾਫ਼ ਆਵਾਜ਼ ਚੁੱਕਣ ਦੀ ਅਪੀਲ ਕੀਤੀ ਹੈ। ਉਨ੍ਹਾਂ ਮੋਦੀ ਅਤੇ ਕੈਪਟਨ ਉੱਤੇ ਕਿਸਾਨ ਅੰਦੋਲਨ ਨੂੰ ਸਾਬੋਤਾਜ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਭਾਜਪਾ ਅਤੇ ਕਾਂਗਰਸੀਆਂ ਨੂੰ ਵੀ ਇਨ੍ਹਾਂ ਭ੍ਰਿਸ਼ਟ ਅਤੇ ਦੋਗਲੀ ਸੋਚ ਵਾਲੀਆਂ ਰਵਾਇਤੀ ਪਾਰਟੀਆਂ ਦਾ ਖਹਿੜਾ ਛੱਡ ਦੇਣਾ ਚਾਹੀਦਾ ਹੈ।’ਆਪ’ ਆਗੂਆਂ ਨੇ ਦੋਸ਼ ਲਗਾਇਆ ਕਿ ਸੱਤਾਧਾਰੀ ਭਾਜਪਾ ਨਾਲ ਮਿਲਕੇ ਕਾਂਗਰਸ ਵੀ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਨੂੰ ਤੋੜਨ ਦੇ ਏਜੰਡੇ ਉੱਤੇ ਲੱਗੇ ਹੋਏ ਹਨ ਅਤੇ ਅੰਦਰ ਖਾਤੇ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰ ਰਹੇ ਹਨ। ਅੱਜ ਕਿਸਾਨ ਆਪਣੀ ਹੋਂਦ ਬਚਾਉਣ ਦੀ ਲੜਾਈ ਲੜ ਰਿਹਾ ਹੈ। ਠੰਢੀਆਂ ਰਾਤਾਂ ਵਿਚ ਖੁੱਲ੍ਹੇ ਅਸਮਾਨ ਹੇਠ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਵਿਰੁੱਧ ਡਟਿਆ ਹੋਇਆ ਹੈ। ਇਸ ਮੌਕੇ ਸਾਨੂੰ ਸਭ ਨੂੰ ਸਿਆਸਤ ਤੋਂ ਉਪਰ ਉੱਠ ਕੇ ਮੋਦੀ ਅਤੇ ਕੈਪਟਨ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਖੇਤੀ ਬਾਰੇ ਸਾਰੇ ਕਾਲੇ ਕਾਨੂੰਨਾਂ ਦਾ ਸਖ਼ਤ ਵਿਰੋਧ ਕਰਦੀ ਆਈ ਹੈ ਅਤੇ ਖੁੱਲ ਕੇ ਕਿਸਾਨ ਦੇ ਸਮਰਥਨ ‘ਚ ਖੜੀ ਹੈ। ਇਸੇ ਕਰਕੇ ਭਾਜਪਾ ਦੇ ਨਾਲ-ਨਾਲ ਕੈਪਟਨ ਵੀ ਆਮ ਆਦਮੀ ਪਾਰਟੀ ਵਿਰੁੱਧ ਝੂਠਾ ਪ੍ਰਚਾਰ ਕਰ ਰਹੇ ਹਨ। ਆਮ ਆਦਮੀ ਪਾਰਟੀ ਕਿਸਾਨਾਂ ਨਾਲ ਪਹਿਲਾਂ ਵੀ ਖੜੀ ਸੀ, ਹੁਣ ਵੀ ਖੜੀ ਹੈ ਅਤੇ ਭਵਿੱਖ ਵਿਚ ਵੀ ਡਟੀ ਰਹੇਗੀ, ਬੇਸ਼ੱਕ ਕੋਈ ਕਿੰਨਾ ਵੀ ਦਬਾਅ ਪਾਉਣ ਦੀ ਕੋਸ਼ਿਸ਼ ਕਿਉਂ ਨਾ ਕਰੇ।’ਆਪ’ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੀ ਨੀਅਤ ਖ਼ਰਾਬ ਹੈ। ਉਨ੍ਹਾਂ ਕਿਹਾ ਕਿ ਇਸ ਪਾਸੇ ਤਾਂ ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਦੌਰ ਜਾਰੀ ਰੱਖਿਆ ਹੈ, ਦੂਜੇ ਪਾਸੇ ਭਾਜਪਾ ਨੇ ਕਾਲੇ ਕਾਨੂੰਨ ਨੂੰ ਸਹੀ ਸਾਬਤ ਕਰਨ ਲਈ ਝੂਠ ਨਾਲ ਭਰੀ ਧੋਖਾ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਭਾਜਪਾ ਸਰਕਾਰ ਵੱਲੋਂ ਕੀਤੀ ਜਾਂਦੀ ਬਿਆਨਬਾਜ਼ੀ ਉੱਤੇ ਪਲਟਵਾਰ ਕਰਦਿਆਂ ‘ਆਪ’ ਆਗੂਆਂ ਨੇ ਸਵਾਲ ਕੀਤਾ ਕਿ ਜੇਕਰ ਅਸਲੀ ਕਿਸਾਨ ਖੇਤਾਂ ਵਿਚ ਹਨ ਤਾਂ ਦਿੱਲੀ ਸੀਮਾ ਉੱਤੇ ਡਟੇ ਲੱਖਾਂ ਕਿਸਾਨ ਕੌਣ ਹਨ ਅਤੇ ਕੇਂਦਰ ਸਰਕਾਰ ਦੇ ਮੰਤਰੀ ਉਨ੍ਹਾਂ ਦੇ ਆਗੂਆਂ ਨਾਲ ਮੈਰਾਥਨ ਮੀਟਿੰਗਾਂ ਕਿਉਂ ਕਰ ਰਹੇ ਹਨ? ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਇਸ ਵਹਿਮ ਵਿਚ ਨਹੀਂ ਰਹਿਣਾ ਚਾਹੀਦਾ ਕਿ ਕਿਸਾਨ ਕਿਸੇ ਰਾਜਨੀਤਿਕ ਏਜੰਡੇ ਤਹਿਤ ਕਿਸੇ ਹੋਰ ਦੇ ਇਸ਼ਾਰਿਆਂ ਉੱਤੇ ਸਰਦੀ ਦੇ ਮੌਸਮ ਵਿਚ ਸਰਕਾਰ ਨਾਲ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਤੇ ਮੋਦੀ ਸਰਕਾਰ ਨੂੰ ਇਹ ਬਦਨੀਅਤ ਬਹੁਤ ਭਾਰੀ ਪਵੇਗੀ।