ਵਾਸ਼ਿੰਗਟਨ, 26 ਮਈ ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਲਈ ਡੈਮੋਕ੍ਰੈਟਿਕ ਪਾਰਟੀ ਤੋਂ ਮਜ਼ਬੂਤ ਦਾਅਵੇਦਾਰ ਜੋ ਬਿਡੇਨ ਪਿਛਲੇ 2 ਮਹੀਨਿਆਂ ਵਿਚ ਪਹਿਲੀ ਵਾਰ ਜਨਤਕ ਸਥਾਨ ਤੇ ਨਜ਼ਰ ਆਏ| ਬਿਡੇਨ ਨੂੰ ਡੇਲਵੇਯਰ ਵਿੱਚ ਆਪਣੇ ਘਰ ਦੇ ਨੇੜੇ ਸਾਬਕਾ ਫੌਜੀਆਂ ਦੀ ਯਾਦ ਵਿਚ ਬਣੇ ਇਕ ਪਾਰਕ ਵਿਚ ਯਾਦਗਾਰੀ ਦਿਵਸ ਦੇ ਮੌਕੇ ਤੇ ਸ਼ਰਧਾਂਜਲੀ ਭੇਂਟ ਕਰਦੇ ਹੋਏ ਦੇਖਿਆ ਗਿਆ| ਬਿਡੇਨ ਨੇ ਕੋਰੋਨਾਵਾਇਰਸ ਦੇ ਸੰਕਟ ਦੇ ਮੱਦੇਨਜ਼ਰ 10 ਮਾਰਚ ਨੂੰ ਕਲੀਵਲੈਂਡ ਵਿੱਚ ਆਪਣੀ ਰੈਲੀ ਅਚਾਨਕ ਰੱਦ ਕਰ ਦਿੱਤੀ ਸੀ ਅਤੇ ਇਸ ਦੇ ਬਾਅਦ ਉਹ ਵਿਲਮਿੰਗਟਨ ਸਥਿਤ ਆਪਣੇ ਘਰ ਤੋਂ ਹੀ ਰਾਸ਼ਟਰਪਤੀ ਚੋਣ ਪ੍ਰਚਾਰ ਮੁਹਿੰਮ ਨਾਲ ਜੁੜੇ ਕੰਮ ਕਰ ਰਹੇ ਸੀ| ਜਦੋਂ ਬਿਡੇਨ ਜਨਤਕ ਸਥਾਨ ਤੇ ਨਜ਼ਰ ਆਏ ਤਾਂ ਉਹਨਾਂ ਨੇ ਮਾਸਕ ਲਗਾਇਆ ਸੀ ਜਦਕਿ ਰਾਸ਼ਟਰਪਤੀ ਡੋਨਾਲਡ ਟਰੰਪ ਸਿਹਤ ਅਧਿਕਾਰੀਆਂ ਦੀ ਸਲਾਹ ਦੇ ਬਾਅਦ ਵੀ ਅਜਿਹਾ ਨਹੀਂ ਕਰ ਰਹੇ ਹਨ| ਪਾਰਕ ਵਿੱਚ ਬਿਡੇਨ ਅਤੇ ਉਹਨਾਂ ਦੀ ਪਤਨੀ ਜ਼ਿਲ ਨੇ ਸਫੇਦ ਫੁੱਲ ਚੜ੍ਹਾਏ ਅਤੇ ਕੁਝ ਦੇਰ ਦਾ ਮੌਨ ਰੱਖਿਆ| ਇਸ ਦੇ ਬਾਅਦ ਉਹਨਾਂ ਨੇ ਕਿਹਾ,”ਇਹਨਾਂ ਪੁਰਸ਼ਾਂ ਅਤੇ ਔਰਤਾਂ ਨੇ ਜਿਹੜੇ ਬਲੀਦਾਨ ਕੀਤੇ ਉਸ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ, ਕਦੇ ਵੀ ਨਹੀਂ|” ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ,”ਮੈਨੂੰ ਬਾਹਰ ਆਕੇ ਬਹੁਤ ਚੰਗਾ ਲੱਗ ਰਿਹਾ ਹੈ|” ਉਹਨਾਂ ਦੇ ਪਾਰਕ ਵਿਚ ਮੌਜੂਦ ਹੋਣ ਦੀ ਜਾਣਕਾਰੀ ਲੋਕਾਂ ਨੂੰ ਨਹੀਂ ਸੀ| ਭਾਵੇਂਕਿ ਇਸ ਪੱਧਰ ਤੇ ਵੀ ਜਨਤਕ ਤੌਰ ਤੇ ਬਾਹਰ ਨਿਕਲਣਾ ਰਾਸ਼ਟਰਪਤੀ ਚੋਣ ਪ੍ਰਚਾਰ ਮੁਹਿੰਮ ਲਈ ਮਹੱਤਵਪੂਰਣ ਹੈ ਕਿਉਂਕਿ ਇਹ ਮੁਹਿੰਮ ਕੋਰੋਨਾਵਾਇਰਸ ਸੰਕਟ ਕਾਰਨ ਪਹਿਲਾਂ ਹੀ ਰੁਕੀ ਹੋਈ ਹੈ| ਬਿਡੇਨ ਦਾ ਹੁਣ ਬਾਹਰ ਆਉਣਾ ਇਸ ਗੱਲ ਵੱਲ ਇਸ਼ਾਰਾ ਹੈ ਕਿ ਉਹ ਚੋਣਾਂ ਵਿੱਚ ਬਾਕੀ ਬਚੇ ਕਰੀਬ 5 ਮਹੀਨੇ ਸਿਰਫ ਘਰ ਵਿੱਚ ਬੈਠ ਕੇ ਨਹੀਂ ਬਿਤਾਉਣਗੇ| ਅਮਰੀਕਾ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਕਾਰਨ ਮਰਨ ਵਾਲਿਆਂ ਦੀ ਗਿਣਤੀ 1 ਲੱਖ ਦੇ ਕਰੀਬ ਪਹੁੰਚ ਚੁੱਕੀ ਹੈ|