ਵਾਸ਼ਿੰਗਟਨ – ਐਲਨ ਮਸਕ ਦੀ ਰਾਕੇਟ ਕੰਪਨੀ ਸਪੇਸਐਕਸ ਅਤੇ ਅਮਰੀਕੀ ਪੁਲਾੜ ਖੋਜ ਏਜੰਸੀ ਨਾਸਾ ਨੇ ਪੁਲਾੜ ਜਗਤ ਵਿਚ ਇਕ ਨਵਾਂ ਮੁਕਾਮ ਹਾਸਿਲ ਕੀਤਾ ਹੈ| ਅਸਲ ਵਿਚ ਸਪੇਸਐਕਸ ਨੇ ਫਾਲਕਨ ਰਾਕੇਟ ਰਾਹੀਂ ਚਾਰ ਪੁਲਾੜ ਯਾਤਰੀਆਂ ਨੂੰ ਅੰਤਰਰਾਸ਼ਟਰੀ ਸਪੇਸ ਸਟੇਸ਼ਨ (ਆਈ.ਐਸ.ਐਸ.) ਭੇਜਿਆ| ਇਹ ਨਾਸਾ ਦਾ ਪਹਿਲਾ ਅਜਿਹਾ ਮਿਸ਼ਨ ਹੈ ਜਿਸ ਵਿਚ ਪੁਲਾੜ ਯਾਤਰੀਆਂ ਨੂੰ ਆਈ.ਐਸ.ਐਸ. ਤੇ ਭੇਜਣ ਲਈ ਕਿਸੇ ਨਿੱਜੀ ਪੁਲਾੜ ਗੱਡੀ ਦੀ ਮਦਦ ਲਈ ਗਈ ਹੈ| ਫਾਲਕਨ ਰਾਕੇਟ ਨੇ ਬੀਤੀ ਰਾਤ ਨੂੰ ਤਿੰਨ ਅਮਰੀਕੀਆਂ ਅਤੇ ਇਕ ਜਾਪਾਨੀ ਨਾਗਰਿਕ ਨੂੰ ਲੈ ਕੇ ਕੈਨੇਡੀ ਪੁਲਾੜ ਕੇਂਦਰ ਤੋਂ ਉਡਾਣ ਭਰੀ ਹੈ|ਸਪੇਸਐਕਸ ਦੇ ਯਾਨ ਤੋਂ ਦੂਜੀ ਵਾਰ ਪੁਲਾੜ ਯਾਤਰੀਆਂ ਨੂੰ ਰਵਾਨਾ ਕੀਤਾ ਗਿਆ ਹੈ| ਇਸ ‘ਡ੍ਰੈਗਨ’ ਕੈਪਸੂਲ ਯਾਨ ਨੂੰ ਇਸ ਦੇ ਚਾਲਕ ਦਲ ਦੇ ਮੈਂਬਰਾਂ ਨੇ 2020 ਵਿਚ ਦੁਨੀਆ ਭਰ ਵਿਚ ਆਈਆਂ ਚੁਣੌਤੀਆਂ ਨੂੰ ਦੇਖਦਿਆ ‘ਰੇਸਿਲਿਯੰਸ’ ਨਾਮ ਦਿੱਤਾ ਹੈ| ਯਾਨ ਲਾਂਚ ਤੋਂ 9 ਮਿੰਟ ਬਾਅਦ ਹੀ ਆਪਣੇ ਪੰਧ ਵਿਚ ਪਹੁੰਚ ਗਿਆ| ਇਸ ਦੇ ਅੱਜ ਸਪੇਸ ਸਟੇਸ਼ਨ ਪਹੁੰਚਣ ਦੀ ਆਸ ਹੈ ਅਤੇ ਇਹ ਬਸੰਤ ਤੱਕ ਉੱਥੇ ਰਹੇਗਾ|ਕਮਾਂਡਰ ਮਾਇਕ ਹਾਪਕਿਨਜ਼ ਨੇ ਲਾਂਚ ਤੋਂ ਠੀਕ ਪਹਿਲਾਂ ਕਿਹਾ ਕਿ ਇਸ ਮੁਸ਼ਕਿਲ ਸਮੇਂ ਵਿੱਚ ਮਿਲ ਕੇ ਕੰਮ ਕਰ ਕੇ, ਤੁਸੀਂ ਦੇਸ਼ ਅਤੇ ਦੁਨੀਆ ਨੂੰ ਪ੍ਰੇਰਿਤ ਕੀਤਾ ਹੈ| ਇਸ ਸ਼ਾਨਦਾਰ ਯਾਨ ਨੂੰ ਰੇਸਿਲਿਯੰਸ ਨਾਮ ਦਿੱਤਾ ਗਿਆ ਹੈ| ਸਪੇਸਐਕਸ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਐਲਨ ਮਸਕ ਨੂੰ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੋਣ ਦੇ ਕਾਰਨ ਦੂਰ ਤੋਂ ਹੀ ਇਸ ਤੇ ਨਜ਼ਰ ਰੱਖਣ ਲਈ ਮਜਬੂਰ ਹੋਣਾ ਪਿਆ| ਕੈਪਸੂਲ ਦੇ ਪੰਧ ਵਿਚ ਪਹੁੰਚਦੇ ਹੀ ਕੈਲੀਫੋਰਨੀਆ ਵਿਚ ਸਥਿਤ ਸਪੇਸਐਕਸ ਮਿਸ਼ਨ ਕੰਟਰੋਲ ਵਿਚ ਮੌਜੂਦ ਲੋਕਾਂ ਨੇ ਤਾੜੀਆਂ ਮਾਰੀਆਂ| ਇਸ ਲਾਂਚ ਨਾਲ ਅਮਰੀਕਾ ਅਤੇ ਸਪੇਸ ਸਟੇਸ਼ਨ ਦੇ ਵਿਚ ਚਾਲਕ ਦਲ ਦੇ ਮੈਂਬਰਾਂ ਦੇ ਵਾਰੀ-ਵਾਰੀ ਆਉਣ-ਜਾਣ ਦੀ ਲੰਬੀ ਲੜੀ ਦੀ ਸ਼ੁਰੂਆਤ ਹੋਵੇਗੀ| ਅਧਿਕਾਰੀਆਂ ਨੇ ਕਿਹਾ ਕਿ ਵੱਧ ਲੋਕਾਂ ਦਾ ਮਤਲਬ ਹੈ ਕਿ ਲੈਬੋਰਟਰੀ ਵਿਚ ਵੱਧ ਵਿਗਿਆਨਕ ਖੋਜ ਹੋਵੇਗੀ| ਅਮਰੀਕਾ ਦੇ ਉਪ ਰਾਸ਼ਟਰਪਤੀ ਅਤੇ ਰਾਸ਼ਟਰੀ ਸਪੇਸ ਪ੍ਰੀਸ਼ਦ ਦੇ ਪ੍ਰਧਾਨ ਮਾਈਕ ਪੇਨਸ ਨੇ ਨਾਸਾ ਪ੍ਰਸ਼ਾਸਕ ਜਿਮ ਬ੍ਰਿਡਨਸਟੀਨ ਦੇ ਨਾਲ ਮਿਲ ਕੇ ਲਾਂਚ ਦੇਖਿਆ| ਪੇਨਸ ਨੇ ਕਿਹਾ ਕਿ ਇਸ ਦੇ ਲਾਂਚ ਤੋਂ ਬਾਅਦ ਕਰੀਬ ਇਕ ਮਿੰਟ ਤੱਕ ਉਨ੍ਹਾਂ ਦਾ ਸਾਹ ਰੁੱਕਿਆ ਰਿਹਾ| ਸਪੇਸ ਸਟੇਸ਼ਨ ਦੇ ਲਈ ਉਡਾਣ ਭਰਨ ਵਾਲੇ ਯਾਤਰੀਆਂ ਵਿਚ ਅਮਰੀਕੀ ਹਵਾਈ ਸੈਨਾ ਦੇ ਕਰਨਲ ਅਤੇ ਪੁਲਾੜ ਯਾਤਰੀ ਮਾਇਕ ਹਾਪਕਿਨਜ਼, ਜਲ ਸੈਨਾ ਕਮਾਂਡਰ ਅਤੇ ਪੁਲਾੜ ਯਾਤਰੀ ਵਿਕਟਰ ਗਲੋਵਰ (ਜੋ ਸਪੇਸ ਸਟੇਸ਼ਨ ਤੇ ਪੂਰੇ ਛੇ ਮਹੀਨੇ ਬਿਤਾਉਣ ਵਾਲੇ ਪਹਿਲੀ ਅਫਰੀਕੀ-ਅਮਰੀਕੀ ਪੁਲਾੜ ਯਾਤਰੀ ਹੋਣਗੇ), ਭੌਤਿਕ ਵਿਗਿਆਨ ਸ਼ੈਨਨ ਵਾਕਰ ਅਤੇ ਜਾਪਾਨੀ ਪੁਲਾੜ ਯਾਤਰੀ ਸੋਇਚੀ ਨੋਗੁਚੀ ਸ਼ਾਮਿਲ ਹਨ| ਇਹਨਾਂ ਚਾਰ ਪੁਲਾੜ ਯਾਤਰੀਆਂ ਤੋਂ ਪਹਿਲਾਂ ਕਜ਼ਾਖਸਤਾਨ ਤੋਂ ਪਿਛਲੇ ਮਹੀਨੇ ਦੋ ਰੂਸੀ ਅਤੇ ਇਕ ਅਮਰੀਕੀ ਯਾਤਰੀ ਨੇ ਪੁਲਾੜ ਦੇ ਲਈ ਉਡਾਣ ਭਰੀ ਸੀ|