ਫਰਿਜ਼ਨੋ – ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡੇਨ ਨੇ ਕਾਫੀ ਸਮੇਂ ਤੋਂ ਸਹਾਇਕ ਰਹੇ ਰੋਨ ਕਲੇਨ ਨੂੰ ਵ੍ਹਾਈਟ ਹਾਊਸ ਦੇ ਸਟਾਫ ਮੁਖੀ ਦੇ ਤੌਰ ਤੇ ਚੁਣਿਆ ਹੈ, ਕਲੇਨ ਨੇ ਓਬਾਮਾ ਪ੍ਰਸ਼ਾਸਨ ਦੇ ਸਮੇਂ ਆਰਥਿਕ ਅਤੇ ਜਨਤਕ ਸਿਹਤ ਸੰਕਟ ਦੌਰਾਨ ਮੁੱਖ ਭੂਮਿਕਾ ਨਿਭਾਈ ਸੀ। ਬਾਈਡੇਨ ਨੇ ਕਿਹਾ ਹੈ ਕਿ ਕੋਰੋਨਾਂ ਵਾਇਰਸ ਦੇ ਪ੍ਰਕੋਪ ਨੂੰ ਨਿਯੰਤਰਣ ਵਿਚ ਲਿਆਉਣਾ ਉਸਦੀ ਪਹਿਲੀ ਤਰਜੀਹ ਹੋਵੇਗੀ।ਵ੍ਹਾਈਟ ਹਾਊਸ ਦੇ ਚੀਫ਼ ਆਫ਼ ਸਟਾਫ ਦਾ ਅਹੁਦਾ ਬਹੁਤ ਸ਼ਕਤੀਸ਼ਾਲੀ ਹੈ, ਇਹ ਵਿਅਕਤੀ ਇੱਕ ਤਰ੍ਹਾਂ ਨਾਲ ਰਾਸ਼ਟਰਪਤੀ ਦਾ ਦਰਬਾਨ ਹੁੰਦਾ ਹੈ ਕਿਉਂਕਿ ਇਹ ਫੈਸਲਾ ਕਰਦਾ ਹੈ ਕਿ ਰਾਸ਼ਟਰਪਤੀ ਨਾਲ ਕੌਣ ਗੱਲ ਕਰੇਗਾ ਅਤੇ ਕੌਣ ਨਹੀਂ। ਇੰਨਾ ਹੀ ਨਹੀਂ ਵੱਡੇ ਫੈਸਲਿਆਂ ਤੋਂ ਪਹਿਲਾਂ ਚੀਫ ਆਫ ਸਟਾਫ ਹੀ ਆਖ਼ਰੀ ਸਲਾਹਕਾਰ ਹੁੰਦਾ ਹੈ। ਬਾਈਡੇਨ ਅਨੁਸਾਰ ਰਾਜਨੀਤਿਕ ਖੇਤਰ ਵਿੱਚ ਸਾਰੇ ਲੋਕਾਂ ਨਾਲ ਕੰਮ ਕਰਨ ਦਾ ਉਸ ਦਾ ਡੂੰਘਾ ਅਤੇ ਵੱਖਰਾ ਤਜ਼ਰਬਾ ਹੈ।ਵ੍ਹਾਈਟ ਹਾਊਸ ਨੂੰ ਜਿਸ ਤਰ੍ਹਾਂ ਦੇ ਚੀਫ਼ ਆਫ ਸਟਾਫ਼ ਦੀ ਲੋੜ ਹੈ , ਕਲੇਨ ਉਸਦੇ ਸਮਰੱਥ ਹੈ। ਕਲੇਨ ਦੋ ਵਾਰ ਉਪ-ਰਾਸ਼ਟਰਪਤੀਆਂ ਦੇ ਸਟਾਫ਼ ਦੇ ਚੀਫ਼ ਵਜੋਂ ਕੰਮ ਕਰ ਚੁੱਕਾ ਹੈ। ਉਸਨੇ ਇੱਕ ਵਾਰ ਓਬਾਮਾ ਦੀ ਪ੍ਰਧਾਨਗੀ ਦੀ ਸ਼ੁਰੂਆਤ ਵਿੱਚ ਬਾਈਡਨ ਨਾਲ ਅਤੇ ਬਿਲ ਕਲਿੰਟਨ ਦੀ ਸੱਤਾ ਸਮੇਂ ਅਲ ਗੋਰੇ ਨਾਲ ਵੀ ਇਸ ਪਦ ਤੇ ਸੇਵਾ ਨਿਭਾ ਚੁੱਕਾ ਹੈ।ਬਾਈਡੇਨ ਨਾਲ ਕਲੇਨ ਦਾ ਸੰਬੰਧ ਤਿੰਨ ਦਹਾਕਿਆਂ ਤੋਂ ਵੀ ਪਹਿਲਾਂ ਦਾ ਹੈ। ਜਦੋਂ ਬਾਈਡੇਨ ਸੈਨੇਟ ਕਮੇਟੀ ਦੀ ਪ੍ਰਧਾਨ ਸੀ ਤਾਂ ਕਲੇਨ ਸੈਨੇਟ ਦੀ ਨਿਆਂਇਕ ਕਮੇਟੀ ਦਾ ਮੁੱਖ ਵਕੀਲ ਸੀ । ਇਸਦੇ ਇਲਾਵਾ ਇਹ ਵਿਅਕਤੀ ਬਾਈਡੇਨ ਦੀਆਂ ਮੁਹਿੰਮਾਂ ਦੌਰਾਨ ਬਹਿਸਾਂ ਲਈ ਤਿਆਰ ਕਰਨ ਲਈ ਅਹਿਮ ਸਲਾਹਕਾਰ ਵੀ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਬਾਈਡੇਨ ਦੀ ਟੀਮ ਖਰਬਾਂ ਡਾਲਰਾਂ ਨਾਲ ਨਵੇਂ ਆਰਥਿਕ ਉਪਾਵਾਂ ਦੀ ਤਿਆਰੀ ਕਰ ਰਹੀ ਹੈ ਜਿਸ ਵਿਚ ਕਲੇਨ ਆਪਣੇ ਤਜ਼ਰਬੇ ਨਾਲ ਸਹਾਇਕ ਸਿੱਧ ਹੋ ਸਕਦਾ ਹੈ। ਜੋਅ ਬਾਈਡੇਨ ਨੂੰ ਲਏ ਗਏ ਨਿਰਣੇ ਤੇ ਯਕੀਨ ਹੈ ਕਿ ਇਹ ਦੇਸ਼ ਭਲਾਈ ਦੇ ਹਿੱਤ ਵਿੱਚ ਹੋਵੇਗਾ।