ਨਵੀਂ ਦਿੱਲੀ – ਮੋਹਲੇਧਾਰ ਮੀਂਹ ਨੇ ਤੇਲੰਗਾਨਾ ਦੇ ਕਈ ਇਲਾਕਿਆਂ ਵਿੱਚ ਭਾਰੀ ਤਬਾਹੀ ਮਚਾਈ ਹੈ| ਹੜ੍ਹ ਕਾਰਨ ਬਹੁਤ ਨੁਕਸਾਨ ਹੋਇਆ ਹੈ| ਅਜਿਹੇ ਵਿੱਚ ਦਿੱਲੀ ਦੀ ਕੇਜਰੀਵਾਲ ਸਰਕਾਰ ਤੇਲੰਗਾਨਾ ਦੀ ਮਦਦ ਲਈ ਅੱਗੇ ਆਈ ਹੈ| ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਦਿੱਲੀ ਸਰਕਾਰ ਤੇਲੰਗਾਨਾ ਸਰਕਾਰ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਕੰਮ ਲਈ 15 ਕਰੋੜ ਰੁਪਏ ਦੀ ਮਦਦ ਦੇਵੇਗੀ| ਇਸ ਗੱਲ ਦੀ ਜਾਣਕਾਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਟਵਿੱਟਰ ਹੈਂਡਲ ਤੇ ਟਵੀਟ ਕਰਕੇ ਦਿੱਤੀ ਹੈ| ਉਨ੍ਹਾਂ ਨੇ ਲਿਖਿਆ ਕਿ ਹੈਦਰਾਬਾਦ ਵਿੱਚ ਹੜ੍ਹ ਨੇ ਤਬਾਹੀ ਮਚਾਈ ਹੈ| ਦਿੱਲੀ ਦੇ ਲੋਕ ਇਸ ਆਫਤ ਦੀ ਘੜੀ ਵਿੱਚ ਹੈਦਰਾਬਾਦ ਦੇ ਭੈਣ-ਭਰਾਵਾਂ ਨਾਲ ਖੜ੍ਹੇ ਹਨ| ਦਿੱਲੀ ਸਰਕਾਰ ਰਾਹਤ ਕੋਸ਼ਿਸ਼ਾਂ ਲਈ ਤੇਲੰਗਾਨਾ ਸਰਕਾਰ ਨੂੰ 15 ਕਰੋੜ ਰੁਪਏ ਦਾਨ ਕਰੇਗੀ|ਜਿਕਰਯੋਗ ਹੈ ਕਿ ਹੈਦਰਾਬਾਦ ਵਿੱਚ 37 ਹਜ਼ਾਰ ਤੋਂ ਵੱਧ ਲੋਕਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚੋਂ ਕੱਢਿਆ ਗਿਆ ਹੈ| ਪੂਰੇ ਤੇਲੰਗਾਨਾ ਸੂਬੇ ਵਿੱਚ ਹੜ੍ਹ ਨਾਲ ਹੁਣ ਤੱਕ 70 ਲੋਕ ਆਪਣੀ ਜਾਨ ਗਵਾ ਚੁੱਕੇ ਹਨ| ਉੱਥੇ ਹੀ ਹੁਣ ਵੀ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚ ਮੋਹਲੇਧਾਰ ਮੀਂਹ ਜਾਰੀ ਹੈ| ਮੌਸਮ ਵਿਭਾਗ ਅਨੁਸਾਰ 22 ਅਕਤੂਬਰ ਤੱਕ ਤੇਲੰਗਾਨਾ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਦੇ ਆਸਾਰ ਹਨ|