ਵਿੱਤ ਮੰਤਰਾਲੇ ਨੇ 2021-22 ਦਾ ਸਾਲਾਨਾ ਬਜਟ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੋਵਿਡ-19 ਕਾਰਨ ਆਰਥਿਕ ਵਿਕਾਸ ਦਰ ਨੂੰ ਸੱਟ ਵੱਜੀ ਹੈ ਤੇ ਇਸੇ ਦਰਮਿਆਨ ਆਰਥਿਕਤਾ ਨੂੰ ਉਭਾਰਨ ਲਈ ਸਰਕਾਰ ਵੱਲੋਂ ਕਈ ਹੀਲੇ ਕੀਤੇ ਜਾ ਰਹੇ ਹਨ। ਅਗਲਾ ਬਜਟ ਮੁਲਕ ਲਈ ਬੇਹੱਦ ਅਹਿਮ ਹੋਵੇਗਾ ਕਿਉਂਕਿ ਇਸ ਨੂੰ ਮਹਾਮਾਰੀ ਦੇ ਅਸਰ ਨਾਲ ਨਜਿੱਠਣਾ ਪਵੇਗਾ ਜਿਸ ਨੇ ਆਰਥਿਕਤਾ ਦੇ ਲਗਭਗ ਸਾਰੇ ਪੱਖਾਂ- ਮਾਲੀਆ, ਖ਼ਰਚ, ਬਰਾਮਦ ਤੇ ਖ਼ੁਰਾਕੀ ਕੀਮਤਾਂ ਉਤੇ ਅਸਰ ਪਾਇਆ ਹੈ। ਇਸ ਸਾਲ ਆਰਥਿਕਤਾ ਦੇ 10.3 ਪ੍ਰਤੀਸ਼ਤ ਸੁੰਗੜਨ ਦੀ ਸੰਭਾਵਨਾ ਜ਼ਾਹਿਰ ਕੀਤੀ ਗਈ ਹੈ। ਵਿੱਤ ਮੰਤਰਾਲਾ ਅੱਜ ਤੋਂ ਇਕ ਮਹੀਨੇ ਲਈ ਸੋਧੇ ਹੋਏ ਅੰਦਾਜ਼ਿਆਂ ਅਤੇ ਬਜਟ ਅੰਦਾਜ਼ੇ ਨੂੰ ਆਖ਼ਰੀ ਰੂਪ ਦੇਵੇਗਾ। ਮੀਟਿੰਗਾਂ 12 ਨਵੰਬਰ ਨੂੰ ਖ਼ਤਮ ਹੋਣਗੀਆਂ। ਪਹਿਲੀ ਮੀਟਿੰਗ ਵਿਚ ਵੱਖ-ਵੱਖ ਵਿਭਾਗਾਂ ਤੇ ਮੰਤਰਾਲਿਆਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ।