ਚੰਡੀਗੜ੍ਹ – ਪੰਜਾਬ ਦੇ ਖੇਡਾਂ, ਯੁਵਕ ਸੇਵਾਵਾਂ ਤੇ ਪਰਵਾਸੀ ਭਾਰਤੀਆਂ ਦੇ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਪੰਜਾਬ ਯੂਨੀਵਰਸਿਟੀ ਦੇ ਖੇਡ ਡਾਇਰੈਕਟਰ ਡਾ. ਪਰਮਿੰਦਰ ਸਿੰਘ ਆਹਲੂਵਾਲੀਆ ਦੇ ਦੇਹਾਂਤ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਡਾ. ਆਹਲੂਵਾਲੀਆ ਦਾ ਕੱਲ੍ਹ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ।ਆਪਣੇ ਸ਼ੋਕ ਸੁਨੇਹੇ ਵਿੱਚ ਰਾਣਾ ਸੋਢੀ ਨੇ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਖੰਨਾ ਨੇੜਲੇ ਪਿੰਡ ਕਲਾਲਮਾਜਰਾ ਦੇ ਰਹਿਣ ਵਾਲੇ ਡਾ. ਪਰਮਿੰਦਰ ਸਿੰਘ, ਜਿਹੜੇ 2015 ਵਿੱਚ ਡਿਪਟੀ ਡਾਇਰੈਕਟਰ ਖੇਡਾਂ ਵਜੋਂ ਪੰਜਾਬ ਯੂਨੀਵਰਸਿਟੀ ਨਾਲ ਜੁੜੇ ਅਤੇ ਬਾਅਦ ਵਿੱਚ ਡਾਇਰੈਕਟਰ ਬਣੇ, ਨੇ ਯੂਨੀਵਰਸਿਟੀ ਦੀ ਖੇਡਾਂ ਵਿੱਚ ਪੁਰਾਣੀ ਸ਼ਾਨ ਬਹਾਲ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਈ। ਡਾ. ਆਹਲੂਵਾਲੀਆ ਨੂੰ ਪਿਛਲੇ ਮਹੀਨੇ ਕੋਰੋਨਾ ਹੋਇਆ ਸੀ ਅਤੇ ਉਹ 14 ਦਿਨਾਂ ਲਈ ਇਕਾਂਤਵਾਸ ਵਿੱਚ ਵੀ ਰਹੇ।ਖੇਡ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਅਕਾਲ ਚਲਾਣਾ ਪੰਜਾਬ ਯੂਨੀਵਰਸਿਟੀ ਦੇ ਨਾਲ-ਨਾਲ ਇਸ ਖਿੱਤੇ ਦੇ ਸਮੁੱਚੇ ਖੇਡ ਭਾਈਚਾਰੇ ਲਈ ਵੱਡਾ ਘਾਟਾ ਹੈ ਅਤੇ ਸਾਨੂੰ ਇਸ ਖ਼ਬਰ ਨਾਲ ਸਦਮਾ ਲੱਗਿਆ ਹੈ। ਉਹ ਉਤਸ਼ਾਹੀ ਖਿਡਾਰੀ ਤੇ ਖੇਡ ਪ੍ਰਸ਼ਾਸਕ ਸਨ ਅਤੇ ਉਨ੍ਹਾਂ ਦੇ ਤੁਰ ਜਾਣ ਦਾ ਘਾਟਾ ਪੂਰਿਆ ਨਹੀਂ ਜਾ ਸਕਦਾ। ਉਨ੍ਹਾਂ ਦੀ ਅਗਵਾਈ ਵਿੱਚ ਪੰਜਾਬ ਯੂਨੀਵਰਸਿਟੀ ਨੇ 13 ਸਾਲਾ ਦੇ ਵਕਫ਼ੇ ਮਗਰੋਂ 2019 ਵਿੱਚ ਅਤੇ ਇਸ ਸਾਲ 2020 ਵਿੱਚ ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ) ਟਰਾਫ਼ੀ ਜਿੱਤੀ। ਇਸ ਤੋਂ ਪਹਿਲਾਂ ਇਸ ਵਰ੍ਹੇ ਯੂਨੀਵਰਸਿਟੀ ਨੇ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦੀ ਟਰਾਫ਼ੀ ਵੀ ਜਿੱਤੀ।ਰਾਣਾ ਸੋਢੀ ਨੇ ਆਹਲੂਵਾਲੀਆ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਪਰਿਵਾਰ ਨੂੰ ਇਹ ਸਦਮਾ ਸਹਿਣ ਦੀ ਸ਼ਕਤੀ ਦੇਵੇ।