ਨਵੀਂ ਦਿੱਲੀ, 26 ਸਤੰਬਰ – ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ ਲਈ ਵੱਡਾ ਐਲਾਨ ਕੀਤਾ ਹੈ| ਉਨ੍ਹਾਂ ਨੇ ਕਿਹਾ ਕਿ ਹੁਣ ਦਿੱਲੀ ਵਿੱਚ 24 ਘੰਟੇ ਬਿਜਲੀ ਦੇ ਨਾਲ 24 ਘੰਟੇ ਪਾਣੀ ਦੀ ਵੀ ਸਪਲਾਈ ਹੋਵੇਗੀ| ਉਨ੍ਹਾਂ ਕਿਹਾ ਕਿ ਹੁਣ ਦਿੱਲੀ ਲਈ ਜਿੰਨਾ ਪਾਣੀ ਉਪਲੱਬਧ ਹੈ, ਉਸ ਨਾਲ ਹਰ ਦਿੱਲੀ ਵਾਸੀ ਨੂੰ ਹਰ ਦਿਨ ਔਸਤਨ 176 ਲੀਟਰ ਪਾਣੀ ਮਿਲ ਸਕਦਾ ਹੈ| ਕੇਜਰੀਵਾਲ ਨੇ ਕਿਹਾ ਕਿ ਦਿੱਲੀ ਜਲ ਬੋਰਡ ਦੇ ਅਧਿਕਾਰੀਆਂ ਨਾਲ ਹਾਲ ਹੀ ਵਿੱਚ ਹੋਈ ਬੈਠਕ ਵਿੱਚ, ਅਸੀਂ ਫੈਸਲਾ ਕੀਤਾ ਹੈ ਕਿ ਹਰ ਘਰ ਵਿੱਚ 24 ਘੰਟੇ ਪਾਣੀ ਦੀ ਸਪਲਾਈ ਯਕੀਨੀ ਕਰਨ ਲਈ ਇਕ ਸਲਾਹਕਾਰ ਨਿਯੁਕਤ ਕੀਤਾ ਜਾਵੇਗਾ| ਅਸੀਂ 5 ਸਾਲ ਦੇ ਅੰਦਰ ਇਸ ਟੀਚੇ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ|
ਕੇਜਰੀਵਾਲ ਨੇ ਕਿਹਾ ਕਿ ਅਸੀਂ ਰਾਸ਼ਟਰੀ ਰਾਜਧਾਨੀ ਵਿੱਚ ਪਾਣੀ ਦੀ ਉਪਲੱਬਧਤਾ ਵਧਾਉਣ ਲਈ ਵੱਖ-ਵੱਖ ਸੂਬਿਆਂ ਦੇ ਨਾਲ ਗੱਲਬਾਤ ਕਰ ਰਹੇ ਹਨ| ਜਿਵੇਂ ਕਿ ਯੂ.ਪੀ., ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਪਰ ਉਸੇ ਸਮੇਂ ਸਾਨੂੰ ਦਿੱਲੀ ਵਿੱਚ ਪਹਿਲਾਂ ਤੋਂ ਉਪਲੱਬਧ ਪਾਣੀ ਦੇ ਬਿਹਤਰ ਪ੍ਰਬੰਧਨ ਦੀ ਜ਼ਰੂਰਤ ਹੈ| ਕੇਜਰੀਵਾਲ ਨੇ ਕਿਹਾ ਕਿ 2 ਕਰੋੜ ਦਿੱਲੀ ਵਾਸੀਆਂ ਦੇ ਲਿਹਾਜ ਨਾਲ ਦਿੱਲੀ ਵਿੱਚ ਪੂਰਾ ਪਾਣੀ ਉਪਲੱਬਧ ਹੈ ਪਰ ਇਸ ਦੀ ਸਹੀ ਵਰਤੋਂ ਨਹੀਂ ਹੋ ਪਾ ਰਹੀ ਹੈ| ਇਹ ਪਾਣੀ ਜਾ ਕਿੱਥੇ ਰਿਹਾ ਹੈ? ਇਸ ਦੀ ਚੋਰੀ ਹੋ ਰਹੀ ਹੈ, ਇਹ ਲੀਕ ਹੋ ਰਿਹਾ ਹੈ ਜਾਂ ਇਸ ਦਾ ਸਹੀ ਪ੍ਰਬੰਧਨ ਨਹੀਂ ਹੋ ਰਿਹਾ ਹੈ|