27 ਸਤੰਬਰ ਨੂੰ ਤੜਕੇ ਦੋ ਵਜੇ ਨਿਊਜ਼ੀਲੈਂਡ ਦਾ ਸਟੈਂਡਰਡ ਸਮਾਂ ਇਕ ਘੰਟਾ ਅੱਗੇ ਹੋ ਜਾਵੇਗਾ
ਆਕਲੈਂਡ, 22 ਸਤੰਬਰ 2020 – ਨਿਊਜ਼ੀਲੈਂਡ ਡੇਅਲਾਈਟ ਸੇਵਿੰਗ ਦੀ ਸ਼ੁਰੂਆਤ ਤਹਿਤ ਅਗਲੇ ਐਤਵਾਰ 27 ਸਤੰਬਰ ਨੂੰ ਸਵੇਰੇ 2 ਵਜੇ ਘੜੀਆਂ ਦਾ ਸਮਾਂ ਇਕ ਘੰਟੇ ਅੱਗੇ ਹੋ ਜਾਵੇਗਾ। ਇਹ ਸਮਾਂ ਇਸੀ ਤਰ੍ਹਾਂ 4 ਅਪ੍ਰੈਲ 2021 ਤੱਕ ਜਾਰੀ ਰਹੇਗਾ। ਸੋ 26 ਦੀ ਰਾਤ ਸੌਣ ਲੱਗੇ ਆਪਣੀਆਂ ਘੜੀਆਂ ਦਾ ਸਮਾਂ ਅੱਗੇ ਕਰ ਲਿਆ ਜਾਵੇ ਤਾਂ ਕਿ 27 ਦੀ ਸਵੇਰ ਬਦਲਿਆ ਹੋਇਆ ਸਹੀ ਸਮਾਂ ਮਿਲ ਸਕੇ। ਸਮਾਰਟ ਫੋਨਾਂ ਅਤੇ ਸਮਾਟ ਘੜੀਆਂ ਉਤੇ ਇਹ ਸਮਾਂ ਆਪਣੇ ਆਪ ਬਦਲ ਜਾਵੇਗਾ ਤੇ ਸੂਈਆਂ ਆਪੇ ਅੱਗੇ ਘੁੰਮ ਜਾਣਗੀਆਂ। ਚਾਬੀ ਵਾਲੀਆਂ ਘੜੀਆਂ, ਟਾਈਮ ਕਲਾਕ (ਟਾਈਮ ਪੀਸ) ਜਾਂ ਗੁੱਟ ਉਤੇ ਬੰਨ੍ਹੀਆਂ ਘੜੀਆਂ ਦੀ ਸੂਈ ਜਰੂਰ ਅੱਗੇ ਕਰਨੀ ਪਏਗੀ। 30 ਸਤੰਬਰ ਨੂੰ ਸੂਰਜ ਇਕ ਘੰਟਾ ਲੇਟ ਚੜ੍ਹੇਗਾ ਅਤੇ ਇਕ ਘੰਟਾ ਲੇਟ ਅਸਤ ਹੋਵੇਗਾ ਜਿਸ ਦਾ ਮਤਲਬ ਹੋਏਗਾ ਕਿ ਤੁਹਾਨੂੰ ਸ਼ਾਮ ਨੂੰ ਇਕ ਘੰਟਾ ਹੋਰ ਰੌਸ਼ਨੀ ਮਿਲੇਗੀ। ਨਿਊਜ਼ੀਲੈਂਡ ਦੇ ਵਿਚ ਪਹਿਲੀ ਵਾਰ 1927 ਦੇ ਵਿਚ ਅਜਿਹਾ ਸਮਾਂ ਤਬਦੀਲ ਕਰਨਾ ਸ਼ੁਰੂ ਕੀਤਾ ਗਿਆ ਸੀ ਅਤੇ ਹੁਣ ਮੌਜੂਦਾ ਸਮਾਂ ਤਬਦੀਲੀ 2007 ਤੋਂ ਚੱਲ ਰਹੀ ਹੈ।
ਆਸਟਰੇਲੀਆ ਦੇ ਵਿਚ ਡੇਅ ਲਾਈਟ ਸੇਵਿੰਗ ਤਹਿਤ 4 ਅਕਤੂਬਰ ਨੂੰ ਘੜੀਆਂ ਦਾ ਸਮਾਂ ਇਕ ਘੰਟਾ ਅੱਗੇ ਹੋ ਜਾਵੇਗਾ ਅਤੇ ਇਹ 4 ਅਪ੍ਰੈਲ 2021 ਨੂੰ ਦੁਬਾਰਾ ਇਕ ਘੰਟਾ ਪਿੱਛੇ ਹੋ ਜਾਵੇਗਾ।
ਬਸੰਤ ਦਾ ਮੌਸਮ 23 ਸਤੰਬਰ ਤੋਂ ਸਦਰਨ ਹੇਮਿਸਫੀਰ (ਦੱਖਣੀ ਅਰਧ ਗੋਲਾ) ਦੇ ਵਿਚ ਸਪਰਿੰਗ ਬਸੰਦ ਦਾ ਮੌਸਮ ਵੀ ਸ਼ੁਰੂ ਹੋ ਚੁੱਕਾ ਹੈ। ਨਿਊਜ਼ੀਲੈਂਡ ਦੇ ਵਿਚ ਸਤੰਬਰ-ਅਕਤੂਬਰ-ਨਵੰਬਰ ਮਹੀਨੇ ਨੂੰ ਬਸੰਤ ਦੇ ਮਹੀਨੇ ਕਿਹਾ ਜਾਂਦਾ ਹੈ। ਦੱਖਣੀ ਅਰਧ ਗੋਲੇ ਦੇ ਵਿਚ ਇਹ ਬਸੰਤ ਦਾ ਮੌਸਮ 21 ਦਸੰਬਰ ਤੱਕ ਜਾਰੀ ਰਹੇਗਾ। ਇਹ ਉਹ ਸਮਾਂ ਹੁੰਦਾ ਹੈ ਜੋ ਸਰਦੀਆਂ ਤੋਂ ਬਾਅਦ ਅਤੇ ਗਰਮੀਆਂ ਤੋਂ ਪਹਿਲਾਂ ਦਰਮਿਆਨ ਆਉਂਦਾ ਹੈ। ਇਸ ਦੌਰਾਨ ਬਨਸਪਤੀ ਆਪਣੇ ਨਿਖਰਵੇਂ ਰੂਪ ਵਿਚ ਹੁੰਦੀ ਹੈ, ਫੁੱਲ ਖਿੜਦੇ ਹਨ ਅਤੇ ਧਰਤੀ ਉੱਤੇ ਹਰਿਆਲੀ ਛਾਅ ਜਾਂਦੀ ਹੈ।