ਔਕਲੈਂਡ, 22 ਸਤੰਬਰ 2020 – ਨਿਊਜ਼ੀਲੈਂਡ ‘ਚ ਕੋਵਿਡ -19 ਦਾ ਅੱਜ ਲਗਾਤਾਰ ਦੂਜੇ ਦਿਨ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। ਦੇਸ਼ ਦਾ ਬਾਕੀ ਸਾਰਾ ਹਿੱਸਾ ਅੱਜ ਅੱਧੀ ਰਾਤ ਤੋਂ ਅਲਰਟ ਲੈਵਲ 1 ਉੱਤੇ ਚੱਲਿਆ ਗਿਆ ਹੈ, ਜਦੋਂ ਕਿ ਆਕਲੈਂਡ ਕੱਲ੍ਹ 23 ਸਤੰਬਰ ਦਿਨ ਬੁੱਧਵਾਰ ਦੀ ਅੱਧੀ ਰਾਤ 11.59 ਤੋਂ ਅਲਰਟ ਲੈਵਲ 2 ‘ਤੇ ਜਾਏਗਾ।
ਸਿਹਤ ਦੇ ਡਾਇਰੈਕਟਰ ਜਨਰਲ ਡਾ. ਐਸ਼ਲੇ ਬਲੂਮਫੀਲਡ ਦਾ ਕਹਿਣਾ ਹੈ ਕਿ ਇੱਥੇ ਕੋਈ ਨਵਾਂ ਕੋਵਿਡ -19 ਕੇਸ ਨਹੀਂ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਨਿਊਜ਼ੀਲੈਂਡ ਨੂੰ ਕੋਈ ਜੋਖ਼ਮ ਨਹੀਂ ਹੈ। ਕਮਿਊਨਿਟੀ ਕੇਸਾਂ ‘ਚੋਂ ਜੇਟ ਪਾਰਕ ਦੀ ਕੁਆਰੰਟੀਨ ਸਹੂਲਤ ਵਿੱਚ 39 ਲੋਕ ਆਈਸੋਲੇਸ਼ਨ ‘ਚ ਰਹਿ ਰਹੇ ਹਨ, ਜਿਸ ਵਿੱਚ 18 ਲੋਕ ਸ਼ਾਮਲ ਹਨ ਜੋ ਪਾਜ਼ੇਟਿਵ ਆਏ ਹਨ ਅਤੇ ਘਰਾਂ ਦੇ ਸੰਪਰਕ ਨਾਲ ਸੰਬੰਧਿਤ ਹਨ।
ਕੋਵਿਡ -19 ਵਾਲੇ 3 ਲੋਕ ਹਸਪਤਾਲ ਵਿੱਚ ਹਨ, ਜੋ ਆਕਲੈਂਡ ਸਿਟੀ, ਮਿਡਲਮੋਰ ਅਤੇ ਨੌਰਥ ਸ਼ੋਰ ਦੇ ਹਸਪਤਾਲਾਂ ਵਿੱਚ ਦਾਖ਼ਲ ਹਨ। ਤਿੰਨੋਂ ਮਰੀਜ਼ ਜਨਰਲ ਵਾਰਡ ਵਿੱਚ ਆਈਸੋਲੇਸ਼ਨ ‘ਚ ਹਨ। ਆਕਲੈਂਡ ਕਲੱਸਟਰ ‘ਚ 4003 ਦੇ ਨੇੜਲੇ ਸੰਪਰਕ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 3992 ਨਾਲ ਸੰਪਰਕ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ 61 ਹੋ ਗਈ ਹੈ, ਕਿਉਂਕਿ ਕੋਵਿਡ -19 ਤੋਂ 1 ਵਿਅਕਤੀ ਠੀਕ ਵੀ ਹੋਏ ਹਨ। ਇਨ੍ਹਾਂ 61 ਕੇਸਾਂ ਵਿੱਚ 32 ਕੇਸ ਕਮਿਊਨਿਟੀ ਅਤੇ 29 ਕੇਸ ਵਿਦੇਸ਼ ਤੋਂ ਪਰਤਿਆਂ ਦੇ ਹਨ। ਕੱਲ੍ਹ ਲੈਬ ਵੱਲੋਂ 3,278 ਟੈੱਸਟ ਕੀਤੇ ਗਏ। ਜਿਸ ਨਾਲ ਦੇਸ਼ ਵਿੱਚ ਹੁਣ ਤੱਕ ਕੁੱਲ 917,699 ਟੈੱਸਟ ਪੂਰੇ ਹੋ ਗਏ ਹਨ।