ਸਰੀ, 18 ਸਤੰਬਰ 2020-ਬੀ.ਸੀ. ਵਿਚ ਅੱਜ ਕੋਵਿਡ-19 ਦੇ ਕੇਸਾਂ ਵਿਚ ਰਿਕਾਰਡਤੋੜ ਵਾਧਾ ਦੇਖਣ ਨੂੰ ਮਿਲਿਆ ਜਦੋਂ ਪਿਛਲੇ 24 ਘੰਟਿਆਂ ਦੌਰਾਨ 165 ਨਵੇਂ ਲੋਕ ਇਸ ਵਾਇਰਸ ਤੋਂ ਪੀੜਤ ਕਰਾਰ ਦਿੱਤੇ ਗਏ। ਇਹ ਗਿਣਤੀ ਇਕ ਦਿਨ ਵਿਚ ਸਾਹਮਣੇ ਆਉਣ ਵਾਲੇ ਕੇਸਾਂ ਦੀ ਸਭ ਤੋਂ ਜ਼ਿਆਦਾ ਗਿਣਤੀ ਹੈ। ਇਸ ਦੇ ਨਤੀਜੇ ਵਜੋਂ ਸੂਬੇ ਵਿਚ ਕੋਰੋਨਾ ਤੋਂ ਪੀੜਤ ਲੋਕਾਂ ਦੀ ਕੁੱਲ ਗਿਣਤੀ 7,663 ਹੋ ਗਈ ਹੈ ਅਤੇ ਹੁਣ ਤੱਕ 220 ਮਰੀਜ਼ ਮੌਤ ਦੀ ਝੋਲੀ ਜਾ ਚੁੱਕੇ ਹਨ।
ਇਹ ਪ੍ਰਗਟਾਵਾ ਕਰਦਿਆਂ ਬੀਸੀ ਦੀ ਸੂਬਾਈ ਸਿਹਤ ਅਫਸਰ ਡਾ. ਬੋਨੀ ਹੈਨਰੀ ਨੇ ਅੱਜ ਲੋਅਰ ਮੇਨਲੈਂਡ ਦੇ ਡੈਲਟਾ ਹਸਪਤਾਲ ਅਤੇ ਪੀਸ ਆਰਚ ਹਸਪਤਾਲ ਵਿਖੇ ਦੋ ਨਵੇਂ ਆਊਟਬ੍ਰੇਕ ਵੀ ਸਾਹਮਣੇ ਆਉਣ ਨਾਲ ਹੁਣ ਸਰਗਰਮ ਆਊਟਬ੍ਰੇਕਸ ਦੀ ਗਿਣਤੀ 15 ਹੋ ਗਈ ਹੈ।
ਡਾ. ਹੈਨਰੀ ਨੇ ਲੋਕਾਂ ਨੂੰ ਛੇ ਦਾ ਅੰਕੜਾ ਯਾਦ ਕਰਵਾਉਂਦਿਆਂ ਕਿਹਾ ਹੈ ਕਿ ਵੱਧ ਤੋਂ ਵੱਧ ਛੇ ਜਣੇ ਇਕੱਠੇ ਹੋਣ ਤੇ ਸਖਤੀ ਨਾਲ ਪਹਿਰਾ ਦਿੱਤਾ ਜਾਵੇ ਅਤੇ ਸਿਹਤ ਸੁਰੱਖਿਆ ਦੀਆਂ ਸਾਰੀਆਂ ਪਾਬੰਦੀਆਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਬੇਸ਼ੱਕ ਅਜਿਹਾ ਕਰਨਾ ਔਖਾ ਲੱਗਦਾ ਹੈ ਪਰ ਇਸ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਇਹ ਬੇਹੱਦ ਜ਼ਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਲਈ ਇਹ ਸਾਲ ਸਭ ਤੋਂ ਚੁਣੌਤੀ ਭਰਪੂਰ ਸਾਲ ਸਾਬਤ ਹੋਣ ਵਾਲਾ ਹੈ।
ਜ਼ਿਕਰਯੋਗ ਹੈ ਕਿ ਬੀਸੀ ਦੇ ਹਸਪਤਾਲਾਂ ਵਿਚ ਹੁਣ 57 ਪੀੜਤ ਜ਼ੇਰੇ ਇਲਾਜ ਹਨ, ਜਿਨ੍ਹਾਂ ਵਿੱਚੋਂ 22 ਮਰੀਜ਼ ਆਈਸੀਯੂ ਵਿਚ ਹਨ।