ਔਕਲੈਂਡ, 8 ਸਤੰਬਰ, 2020: ਔਕਲੈਂਡ ਅਤੇ ਨੌਰਥਲੈਂਡ ਕਮਿਊਨਿਟੀ ਦੇ ਵਿਚ ਵਿਚਰਦਾ ਇਕ ਵਕਾਰੀ ਟ੍ਰਸਟ ਹੈ ‘ਫਾਊਂਡੇਸ਼ਨ ਨੌਰਥ’। ਇਸ ਦੀ ਗਵਰਨਿੰਗ ਦੇ ਵਿਚ ਪਹਿਲੀ ਵਾਰ ਇਕ ਪੰਜਾਬੀ ਭਵਦੀਪ ਸਿੰਘ ਢਿੱਲੋਂ (ਚੰਡੀਗੜ੍ਹ) ਨੂੰ ਇਸ ਟ੍ਰਸਟ ਦਾ ਚੇਅਰਮੈਨ ਬਨਣ ਦਾ ਮਾਣ ਹਾਸਿਲ ਹੋਇਆ ਹੈ। ਇਹ ਟ੍ਰਸਟ ਕਮਿਊਨਿਟੀ ਕਾਰਜਾਂ ਦੇ ਲਈ ਬਿਲੀਅਨ ਡਾਲਰ ਤੱਕ ਦੇ ਫੰਡ ‘ਨੌਟ-ਫਾਰ-ਪ੍ਰੋਫਿਟ’ (ਲਾਭ ਰਹਿਤ) ਸੰਸਥਾਵਾਂ ਦੇ ਲਈ ਬੰਦੋਬਸਤ ਕਰਦਾ ਹੈ। ਭਵਦੀਪ ਸਿੰਘ ਢਿੱਲੋਂ (ਸ੍ਰੀ ਭਵ ਢਿੱਲੋਂ) ਇਸ ਵੇਲੇ ਔਕਲੈਂਡ, ਨੌਰਥਲੈਂਡ ਅਤੇ ਵਾਇਕਾਟੋ ਖੇਤਰ ਦੇ ਲਈ ਆਨਰੇਰੀ ਭਾਰਤੀ ਕੌਂਸਲ ਵੀ ਹਨ। ਉਹ ਐਮ. ਬੀ. ਏ. ਦੀ ਯੋਗਤਾ ਰੱਖਦੇ ਹਨ ਅਤੇ ‘ਸੀਮਿਕਸ’ ਨਾਂਅ ਦੀ ਸੀਮਿੰਟ ਉਦਯੋਗ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਹਨ। ਸੀਮਿਕਸ ਪਿਛਲੇ 35 ਸਾਲਾਂ ਤੋਂ ਨਿਊਜ਼ੀਲੈਂਡ ਦਾ ਭਰੋਸੇਯੋਗ ਉਤਪਾਦ ਹੈ। ਇੰਡੀਅਨ ਵੀਕਐਂਡਰ ਵੀ ਉਨ੍ਹਾਂ ਦਾ ਅਖਬਾਰ ਹੈ ਅਤੇ ਹਾਲ ਆਫ ਫੇਮ ਸਮੇਤ ਉਹ ਵਕਾਰੀ ਐਵਾਰਡ ਭਾਰਤੀ ਕਮਿਊਨਿਟੀ ਦੀਆਂ ਸਖਸ਼ੀਅਤਾਂ ਨੂੰ ਦਿੰਦੇ ਹਨ। ਉਨ੍ਹਾਂ ਦੀ ਇਹ ਉਪਬਲਧੀ ਭਾਰਤੀ ਭਾਈਚਾਰੇ ਦੇ ਲਈ ਇਕ ਵੱਡੀ ਮਾਣ ਵਾਲੀ ਗੱਲ ਹੈ ਅਤੇ ਇਹ ਅਹੁਦਾ ਅਤਿ ਭਰੋਸੇਯੋਗਤਾ ਵਾਲਾ ਹੈ ਕਿਉਂਕ ਗ੍ਰਾਂਟ ਦਾ ਕੰਮ ਹੁੰਦਾ ਹੈ ਅਤੇ ਬਹੁਤ ਕੁਝ ਚੈਕ ਕਰਕੇ ਇਸਦੀ ਮੰਜ਼ੂਰੀ ਦੇਣੀ ਹੁੰਦੀ ਹੈ।
ਜੀਤ ਸੱਚਦੇਵ ਬਣੇ ਟ੍ਰਸਟੀ: ਪਰਮਜੀਤ ਰਾਏ ਸੱਚਦੇਵ ਜਿਨ੍ਹਾਂ ਨੂੰ ਸਾਰੇ ਜੀਤ ਸੱਚਦੇਵ ਕਰਕੇ ਜਾਣਦੇ ਹਨ ਉਹ ਵੀ ਨਾਲ ਹੀ ਇਸ ਟ੍ਰਸਟ ਦੇ ਟ੍ਰਸਟੀ ਬਣੇ ਹਨ। 1987 ਤੋਂ ਜੀਤ ਸੱਚਦੇਵ ਇਥੇ ਰਹਿ ਰਹੇ ਹਨ। ਜੀਤ ਸੱਚਦੇਵ ਹੋਰਾਂ ਨੇ ‘ਭਾਰਤੀਆ ਸਮਾਜ ਚੈਰੀਟੇਬਲ ਟ੍ਰਸਟ’ ਦੀ ਸਥਾਪਨਾ 1995 ਦੇ ਵਿਚ ਕੀਤੀ ਸੀ। ਇਸ ਟ੍ਰਸਟ ਦੇ ਅਧੀਨ ਬਹੁਤ ਸਾਰੀਆਂ ਸੇਵਾਵਾਂ ਉਪਲਬਧ ਹਨ ਜਿਵੇਂ ਬਜ਼ੁਰਗਾਂ ਦੀ ਦੇਖ-ਰੇਖ, ਬੱਚਿਆਂ ਲਈ ਪ੍ਰੋਗਰਾਮ, ਪ੍ਰਵਾਸੀ ਸੇਵਾਵਾਂ ਅਤੇ ਹੋਰ ਕਈ ਤਿਉਹਾਰਾਂ ਦੇ ਮੌਕੇ ਪ੍ਰੋਗਰਾਮਾਂ ਦਾ ਆਯੋਜਿਨ ਕਰਨਾ। ਉਹ ਭਾਰਤੀਆ ਸਮਾਜ ਟ੍ਰਸਟ, ਅਕਰਾਨਾ ਕਮਿਊਨਿਟੀ ਅਤੇ ਰੌਸਕਿਲ ਟੂਗੈਦਰ ਆਦਿ ਟ੍ਰਸਟਾਂ ਦੇ ਚੇਅਰਮੈਨ ਵੀ ਹਨ। ਉਹ ਰੂਪਾ ਐਂਡ ਆਪ ਚੈਰੀਟੇਬਲ ਟ੍ਰਸਟ, ਔਕਲੈਂਡ ਇੰਡੀਅਨ ਡਾਇਸਪੋਰਾ ਅਤੇ ਮਹਾਤਮਾਂ ਗਾਂਧੀ ਇੰਸਟੀਚਿਊਟ ਆਫ ਨਾਨ ਵਾਇਲੈਂਸ ਦੇ ਬੋਰਡ ਮੈਂਬਰ ਹਨ। ਉਹ ਔਕਲੈਂਡ ਕੌਂਸਲ ਏਥਨਿਕ ਪੀਪਲ ਅਡਵਾਈਜਰੀ ਪੈਨਲ ਦੇ ਮੈਂਬਰ ਵੀ ਹਨ। ਇਸ ਤੋਂ ਇਲਾਵਾ ਉਹ ਹੋਰ ਕਈ ਸਮਾਜਿਕ ਸੰਸਥਾਵਾਂ ਦੇ ਨਾਲ ਜੁੜੇ ਹੋਏ ਹਨ। ਜੀਤ ਸੱਚਦੇਵ ਦਾ ਟ੍ਰਸਟੀ ਹੋਣਾ ਵੀ ਭਾਰਤੀ ਸਮਾਜ ਦੀ ਅਹਿਮਤਾ ਨੂੰ ਪ੍ਰਗਟ ਕਰਦਾ ਹੈ।
ਭਾਰਤੀ ਕਮਿਊਨਿਟੀ ਤੋਂ ਵਧਾਈਆਂ: ਦੋਹਾਂ ਸਖਸ਼ੀਅਤਾਂ ਨੂੰ ਪੰਜਾਬੀ ਹੈਰਲਡ, ਰੇਡੀਓ ਸਪਾਈਸ, ਕੀਵੀ ਟੀ,ਵੀ., ਲੇਬਰ ਪਾਰਟੀ ਤੋਂ ਖੜਗ ਸਿੰਘ ਹੋਰਾਂ ਨੇ ਵਧਾਈ ਭੇਜੀ ਹੈ।