ਆਪਣੀ ਮਹਿਲਾ ਮਿੱਤਰ ਤੋਂ ਇਲਾਵਾ ਕਿਸੇ ਦੀ ਗੱਲ ਨਹੀਂ ਸੁਣਦੇ ਮੁੱਖ ਮੰਤਰੀ : ਭਗਵੰਤ ਮਾਨ
ਪਟਿਆਲਾ, 4 ਸਤੰਬਰ – ਆਮ ਆਦਮੀ ਪਾਰਟੀ ਵਲੋਂ ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੇ ਹਮਲਾ ਕਰਦਿਆਂ ਇਲਜਾਮ ਲਗਾਇਆ ਗਿਆ ਹੈ ਕਿ ਉਹ ਦੇਸ਼ ਦੀ ਸੁੱਰਖਿਆ ਨਾਲ ਖਿਲਵਾੜ ਕਰ ਰਹੇ ਹਨ| ਦਿੱਲੀ ਦੇ ਮੁਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਮਾਮਲਿਆ ਵਿੱਚ ਦਖਲ ਨਾ ਦੇਣ ਸੰਬਧੀ ਆਏ ਮੁਖ ਮੰਤਰੀ ਦੇ ਬਿਆਨ ਦੇ ਜਵਾਬ ਵਿੱਚ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਸ੍ਰ. ਭਗਵੰਤ ਮਾਨ, ਵਿਰੋਧੀ ਧਿਰ ਦੇ ਆਗੂ ਸ੍ਰ. ਹਰਪਾਲ ਸਿੰਘ ਚੀਮਾ ਅਤੇ ਪਾਰਟੀ ਦੇ ਪੰਜਾਬ ਦੇ ਇੰਚਾਰਜ ਸ੍ਰ. ਜਰਨੈਲ ਸਿੰਘ ਨੇ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਇਸ ਵੇਲੇ ਪੰਜਾਬ ਦਾ ਪੂਰਾ ਕੰਮ-ਕਾਜ ਮੁਖ ਮੰਤਰੀ ਦੀ ਮਹਿਲਾ ਮਿੱਤਰ ਅਰੂਸਾ ਆਲਮ ਵਲੋਂ ਹੀ ਸੰਭਾਲਿਆ ਜਾ ਰਿਹਾ ਹੈ ਅਤੇ ਮੁਖ ਮੰਤਰੀ ਪੰਜਾਬ ਦੀ ਜਨਤਾ ਨੂੰ ਇਹ ਦੱਸਣ ਕਿ ਉਹਨਾਂ ਦੀ ਮਹਿਲਾ ਮਿੱਤਰ ਕਿਸ ਅਧਿਕਾਰ ਨਾਲ ਪੰਜਾਬ ਦੇ ਸਰਕਾਰੀ ਕੰਮ-ਕਾਜ ਵਿੱਚ ਦਖਲ ਦਿੰਦੀ ਹੈ|
ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਇਹ ਆਮ ਇਲਜਾਮ ਲਗਾਉਂਦੇ ਹਨ ਕਿ ਮੁਖ ਮੰਤਰੀ ਕਿਸੇ ਦੀ ਵੀ ਗੱਲ ਨਹੀਂ ਸੁਣਦੇ| ਉਹ ਨਾ ਤਾਂ ਅਧਿਕਾਰੀਆਂ ਦੀ ਸੁਣਦੇ ਹਨ ਅਤੇ ਨਾ ਹੀ ਉਹ ਸਿਆਸੀ ਆਗੂਆਂ ਦੀ ਗੱਲ ਸੁਣਦੇ ਹਨ ਬਲਕਿ ਉਹ ਸਿਰਫ ਅਤੇ ਸਿਰਫ ਅਰੂਸਾ ਆਲਮ ਦੀ ਹੀ ਗੱਲ ਸੁਣਦੇ ਹਨ| ਉਹਨਾਂ ਕਿਹਾ ਕਿ ਪੰਜਾਬ ਵਿੱਚ ਸ਼ਰਾਬ ਮਾਫਿਆ, ਰੇਤ ਮਾਫਿਆ ਅਤੇ ਲੈਂਡ ਮਾਫਿਆ ਪਹਿਲਾ ਵਾਂਗ ਹੀ ਕੰਮ ਕਰ ਰਿਹਾ ਹੈ ਪਰ ਮੁਖ ਮੰਤਰੀ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹਨ|
ਉਹਨਾਂ ਕਿਹਾ ਕਿ ਜਿੱਥੇ ਤੱਕ ਸ੍ਰੀ ਅਰਵਿੰਦ ਕੇਜਰੀਵਾਲ ਦਾ ਸਵਾਲ ਹੈ ਤਾਂ ਉਹ ਪੰਜਾਬ ਦੀ ਮੁਖ ਵਿਰੋਧੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਹਨ ਅਤੇ ਉਨ੍ਹਾਂ ਦਾ ਪੰਜਾਬ ਦੇ ਮਾਮਲਿਆ ਵਿੱਚ ਦਖਲ ਦੇਣ ਦਾ ਪੂਰਾ ਹੱਕ ਹੈ| ਉਹਨਾਂ ਕਿਹਾ ਕਿ ਮੁਖ ਮੰਤਰੀ ਮਾਫਿਆ ਰਾਜ ਤੇ ਕਾਬੂ ਕਰਨ ਲਈ ਲੋੜੀਂਦੀ ਕਾਰਵਾਈ ਕਰਨ ਦੀ ਥਾਂ ਅਜਿਹੇ ਬੇਲੋੜੇ ਅਤੇ ਗੈਰ ਜਿੰਮੇਵਾਰਾਨਾ ਬਿਆਨ ਦੇ ਕੇ ਪੰਜਾਬ ਦਾ ਭੱਠਾ ਬਿਠਾਉਣ ਤੇ ਲੱਗੇ ਹੋਏ ਹਨ| ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੇ ਲੋਕਾਂ ਦੀ ਗੱਲ ਸੁਣਨ ਅਤੇ ਉਨ੍ਹਾਂ ਦੇ ਮਸਲੇ ਹੱਲ ਕਰਨ|