ਸ੍ਰੀ ਮੁਕਤਸਰ ਸਾਹਿਬ, 29 ਅਗਸਤ 2020-ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਆਪਣੇ ਫੇਸਬੁੱਕ ਖ਼ਾਤੇ ’ਤੇ ਲਾਈਵ ਹੁੰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਕੇਂਦਰ ਸਰਕਾਰ ਵੱਲੋਂ ਜਿੱਥੇ ਪੰਜਾਬ ਦੇ ਤਕਰੀਬਨ 1.5 ਕਰੋੜ ਲੋਕਾਂ ਲਈ ਅਪ੍ਰੈਲ ਤੋਂ ਨਵੰਬਰ ਮਹੀਨੇ ਤੱਕ ਦਾ ਮੁਫ਼ਤ ਰਾਸ਼ਨ ਭੇਜਿਆ ਜਾ ਰਿਹਾ ਹੈ, ਉੱਥੇ ਹੀ ਹੁਣ ਇਸ ’ਚ ਬਿਨਾਂ ਕਾਰਡ ਵਾਲੇ ਦਿਵਿਆਂਗ ਲੋਕਾਂ ਨੂੰ ਵੀ ਇਹ ਰਾਸ਼ਨ ਸਹੂਲਤ ਦਿੱਤੇ ਜਾਣ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਮੁੱਖ ਮੰਤਰੀ ਪੰਜਾਬ ਨੂੰ ਲੋਕਾਂ ਪ੍ਰਤੀ ਆਪਣੇ ਫਰਜ਼ ਪਛਾਣਨ ਦੀ ਸਲਾਹ ਦਿੰਦਿਆਂ ਕੇਂਦਰ ਵੱਲੋਂ ਲੋਕਾਂ ਲਈ ਭੇਜੇ ਜਾਂਦੇ ਰਾਸ਼ਨ ਦੀ ਪੱਖਪਾਤ ਤੋਂ ਬਿੰਨ੍ਹਾਂ ਵੰਡ ਕੀਤੇ ਜਾਣ ਦੀ ਗੱਲ ਆਖ਼ੀ ਹੈ। ਫੇਸਬੁੱਕ ’ਤੇ ਲਾਈਵ ਦੌਰਾਨ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਕੇਂਦਰ ਸਰਕਾਰ ਨੇ ਪੰਜਾਬ ਦੇ ਲੋਕਾਂ ਲਈ ਰਾਸ਼ਨ ਭੇਜਿਆ ਹੈ। ਕੇਂਦਰ ਸਰਕਾਰ ਨੇ ਹਰੇਕ ਜੀਅ ਲਈ 5 ਕਿੱਲੋ ਕਣਕ ਤੇ ਹਰੇਕ ਪਰਿਵਾਰ ਲਈ ਇੱਕ ਕਿੱਲੋ ਦਾਲ ਹਰ ਮਹੀਨੇ ਦੇਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਬੀਬਾ ਬਾਦਲ ਨੇ ਦੱਸਿਆ ਕਿ ਕੋਰੋਨਾ ਆਫ਼ਤ ਦੌਰਾਨ ਕੇਂਦਰ ਸਰਕਾਰ ਵੱਲੋਂ ਜਿੱਥੇ ਪੰਜਾਬ ਦੇ ਲੋਕਾਂ ਲਈ ਅਪ੍ਰੈਲ ਤੋਂ ਨਵੰਬਰ ਮਹੀਨੇ ਤੱਕ ਦਾ ਮੁਫ਼ਤ ਰਾਸ਼ਨ ਭੇਜਿਆ ਜਾ ਰਿਹਾ ਹੈ। ਉਥੇ ਹੀ ਹੁਣ ਇਸ ’ਚ ਬਿਨ੍ਹਾਂ ਕਾਰਡ ਵਾਲੇ ਦਿਵਿਆਂਗ ਲੋਕਾਂ ਨੂੰ ਵੀ ਇਹ ਰਾਸ਼ਨ ਸਹੂਲਤ ਦਿੱਤੇ ਜਾਣ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕੈਪਟਨ ਸਰਕਾਰ ਨੂੰ ਸੁਨੇਹਾ ਦਿੱਤਾ ਹੈ ਕਿ ਪੰਜਾਬ ਦਾ ਹਰਕੇ ਵਿਅਕਤੀ ਪਰੇਸ਼ਾਨ ਹੈ, ਹਰੇਕ ਦੀ ਕਮਾਈ ਦਾ ਸਾਧਨ ਖ਼ਤਮ ਹੋ ਗਿਆ ਹੈ। ਸਰਕਾਰ ਆਪਣੇ ਆਪ ਨੂੰ ਗਰੀਬ ਲੋਕਾਂ ਦੀ ਥਾਂ ’ਤੇ ਰੱਖ ਕੇ ਦੇਖੇ, ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਸਮਝੇ, ਲੋਕ ਬਿਜਲੀ ਦੇ ਬਿੱਲਾਂ ਕਰਕੇ ਪਰੇਸ਼ਾਨ ਹਨ, ਬੱਚਿਆਂ ਦੀ ਫੀਸ ਵੀ ਵੱਖਰਾ ਮੁੱਦਾ ਬਣਿਆ ਹੋਇਆ ਹੈ। ਸਰਕਾਰ ਆਪਣੇ ਲੋਕਾਂ ਦੀ ਮਦਦ ਲਈ ਅੱਗੇ ਆਵੇ। ਬੀਬਾ ਬਾਦਲ ਨੇ ਸੂਬੇ ਦੀ ਸਰਕਾਰ ’ਤੇ ਪੱਖਪਾਤ ਦਾ ਤੰਜ ਕੱਸਦਿਆਂ ਕਿਹਾ ਕਿ ਸਰਕਾਰ ਨੇ ਆਪਣੇ ਚਹੇਤਿਆਂ ਨੂੰ ਰਾਸ਼ਨ ਦਿੱਤਾ ਹੈ ਅਤੇ ਕਈ ਗਰੀਬਾਂ ਤੇ ਹੱਕਦਾਰਾਂ ਨੂੰ ਕੇਂਦਰ ਵੱਲੋਂ ਭੇਜਿਆ ਗਿਆ ਇਹ ਰਾਸ਼ਨ ਵੀ ਨਹੀਂ ਮਿਲਿਆ। ਬੀਬਾ ਬਾਦਲ ਨੇ ਕਿਹਾ ਕਿ ਇਸ ਵਾਰ ਸਹੀ ਲੋਕਾਂ ਨੂੰ ਰਾਸ਼ਨ ਦਿੱਤਾ ਜਾਵੇ। ਉਨ੍ਹਾਂ ਸਰਕਾਰ ਨੂੰ ਹਰੇਕ ਗਰੀਬ, ਲੋੜਵੰਦ ਤੇ ਅੰਗਹੀਣ ਤੱਕ ਰਾਸ਼ਨ ਪਹੁੰਚਾਉਣ ਲਈ ਕਿਹਾ ਹੈ।