ਸਰੀ, 28 ਅਗਸਤ 2020 – ਪੰਜਾਬ ਦੇ ਨਾਮਵਰ ਚਿੱਤਰਕਾਰ ਸ. ਮੇਹਰ ਸਿੰਘ 26 ਅਗਸਤ 2020 ਨੂੰ ਸਵੇਰੇ 10.15 ਵਜੇ ਦਿੱਲੀ ਵਿਖੇ ਸਦਾ ਦੀ ਨੀਂਦ ਸੌ ਗਏ ਹਨ। ਉਹ ਪੰਜਾਬ ਦੀ ਚਿੱਤਰਕਲਾ ਦੇ ਸਿਰਤਾਜ ਸਨ। ਪੋਰਟਰੇਚਰ ਚਿਤਰਣ ਤੇ ਸਿੱਖ ਇਤਿਹਾਸ ਨੂੰ ਚਿਤਰਣ ਵਿਚ ਉਨ੍ਹਾਂ ਦਾ ਨਾਂਅ ਪਹਿਲੇ ਸਥਾਨ ਤੇ ਆਉਂਦਾ ਹੈ। ਉਨ੍ਹਾਂ ਪੰਜਾਬ ਲਲਿਤ ਕਲਾ ਅਕੈਡਮੀ ਦੇ ਪ੍ਰਧਾਨ ਅਤੇ ਪੰਜਾਬ ਆਰਟਸ ਕੌਂਸਲ ਦੇ ਮੀਤ ਪ੍ਰਧਾਨ ਦੇ ਪਦ ਤੇ ਕਾਰਜ ਕਰਦਿਆਂ ਆਪਣੀਆਂ ਸ਼ਾਨਦਾਰ ਸੇਵਾਵਾਂ ਦਿੱਤੀਆਂ। ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਸਟੇਟ ਐਵਾਰਡ ਨਾਲ ਨਿਵਾਜਿਆ ਗਿਆ ਸੀ ਅਤੇ 2012 ਵਿਚ ਉਨ੍ਹਾਂ ਨੂੰ ਪੰਜਾਬ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਸ. ਮੇਹਰ ਸਿੰਘ ਦਾ ਜਨਮ 1 ਅਕਤੂਬਰ 1929 ਨੂੰ ਲਾਹੌਰ ਵਿਖੇ ਹੋਇਆ ਸੀ। ਇੱਥੇ ਹੀ ਉਨ੍ਹਾਂ ਮੁੱਢਲੀ ਵਿੱਦਿਆ ਪ੍ਰਾਪਤ ਕੀਤੀ ਅਤੇ ਸ. ਸੋਭਾ ਸਿੰਘ ਚਿੱਤਰਕਾਰ ਦੇ ਸੰਪਰਕ ਵਿਚ ਆ ਗਏ। ਸੋਭਾ ਸਿੰਘ ਦੀ ਕਲਾ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਕਲਾ ਗੁਰੂ ਧਾਰ ਲਿਆ। ਸੰਨ 1949 ਤੋਂ 1954 ਤੱਕ ਦਿੱਲੀ ਪੌਲੀਟੈਕਨਿਕ ਤੋਂ ਪੰਜ ਸਾਲ ਦਾ ਫਾਈਨ ਆਰਟਸ ਦਾ ਡਿਪਲੋਮਾ ਹਾਸਲ ਕੀਤਾ। 1958 ਤੋਂ 1972 ਤੱਕ ਅਮਰੀਕਨ ਐਂਬੈਂਸੀ ਵਿਚ ਬਤੌਰ ਆਰਟਿਸਟ ਕਾਰਜ ਕੀਤਾ। ਇਸ ਸਮੇਂ ਦੌਰਾਨ ਉਨ੍ਹਾਂ ਅਮਰੀਕਨ ਰਾਸ਼ਟਰਪਤੀ ਅਤੇ ਹੋਰ ਵੱਡੀਆਂ ਹਸਤੀਆਂ ਦੇ ਚਿੱਤਰ ਬਣਾ ਕੇ ਨਾਮਣਾ ਖੱਟਿਆ। ਬਾਅਦ ਵਿਚ ਕਨਾਟ ਪੈਲੇਸ ਦਿੱਲੀ ਵਿਖੇ ਆਪਣਾ ਆਰਟ ਸਟੂਡੀਓ ਸਥਾਪਿਤ ਕਰ ਲਿਆ।
ਨਵੰਬਰ 2019 ਵਿਚ ਜਦੋਂ ਉਨ੍ਹਾਂ ਦੀ ਤਬੀਅਤ ਕੁਝ ਜ਼ਿਆਦਾ ਢਿੱਲੀ ਰਹਿਣ ਲੱਗੀ ਤਾਂ ਉਨ੍ਹਾਂ ਦੇ ਸਪੁੱਤਰ ਉਨ੍ਹਾਂ ਨੂੰ ਚੰਡੀਗੜ੍ਹ ਤੋਂ ਦਿੱਲੀ ਆਪਣੇ ਕੋਲ ਲੈ ਆਏ। ਜਿੱਥੇ ਉਨ੍ਹਾਂ ਆਪਣੇ ਸਪੁੱਤਰ ਚਰਨਜੀਤ ਸਿੰਘ ਦੇ ਘਰ 26 ਅਗਸਤ ਨੂੰ ਅੰਤਿਮ ਸਾਹ ਲਏ ਅਤੇ ਉਸੇ ਸ਼ਾਮ ਪੰਜਾਬੀ ਬਾਗ ਦਿੱਲੀ ਦੇ ਸ਼ਮਸ਼ਾਨਘਾਟ ਵਿਚ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਆਤਮਿਕ ਸ਼ਾਤੀ ਲਈ ਰੱਖੇ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 31 ਅਗਸਤ ਦਿਨ ਸੋਮਵਾਰ ਦਿੱਲੀ ਵਿਖੇ ਹੋ ਰਹੀ ਹੈ।
ਉਨ੍ਹਾਂ ਦੇ ਸਦੀਵੀ ਵਿਛੋੜੇ ਉਪਰ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਦੇ ਕਰੀਬੀ ਦੋਸਤ ਤੇ ਸਾਥੀ ਜੈਤੇਗ ਸਿੰਘ ਅਨੰਤ ਨੇ ਕਿਹਾ ਹੈ ਕਿ ਉਨ੍ਹਾਂ ਦੀ ਮੌਤ ਨਾਲ ਕਲਾ ਦੇ ਖੇਤਰ ਵਿਚ ਪਿਆ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ। ਉਨ੍ਹਾਂ ਦੀ ਕਲਾ ਪੁੰਗਰ ਰਹੇ ਕਲਾਕਾਰਾਂ ਲਈ ਪ੍ਰੇਰਨਾ ਸਰੋਤ ਸੀ। ਭਾਰਤ ਦੇ ਨਾਮਵਰ ਚਿੱਤਰਕਾਰ ਆਰ. ਐਨ. ਸਿੰਘ ਨੇ ਕਿਹਾ ਹੈ ਕਿ ਸ. ਸੋਭਾ ਸਿੰਘ ਤੋਂ ਮਗਰੋਂ ਯਥਾਰਥ ਕਲਾ ਵਿਚ ਕੰਮ ਕਰਨ ਵਾਲੇ ਉਹ ਵਾਹਿਦ ਕਲਾਕਾਰ ਸਨ। ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਦੇ ਪ੍ਰਧਾਨ ਸ. ਸੁਰਿੰਦਰ ਸਿੰਘ ਜੱਬਲ ਨੇ ਉਨ੍ਹਾਂ ਦੇ ਅਕਾਲ ਚਲਾਣੇ ਉਪਰ ਦੁੱਖ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਹ ਸਾਡੀ ਕੌਮ ਦੇ ਬੇਸ਼-ਕੀਮਤੀ ਹੀਰੇ ਸਨ। ਉਨ੍ਹਾਂ ਦਾ ਨਾਂ ਸਦਾ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ।