ਚੰਡੀਗੜ੍ਹ, 26 ਅਗਸਤ 2020: ਕੋਵਿਡ -19 ਵਿਰੁੱਧ ਜੰਗ `ਤੇ ਫ਼ਤਿਹ ਪਾਉਣ ਦੀ ਦ੍ਰਿੜ ਵਚਨਬੱਧਤਾ ਨਾਲ ਅੱਜ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਵੱਲੋਂ ਸੈਕਟਰ -39 ਸਥਿਤ ਆਪਣੀ ਸਰਕਾਰੀ ਰਿਹਾਇਸ਼ ਵਿਖੇ ਇਕ ਜਾਗਰੂਕਤਾ ਮਲਟੀ ਸਟਾਰਰ ਮਿਊਜ਼ਿਕ ਵੀਡੀਓ ਲਾਂਚ ਕੀਤੀ ਗਈ।
ਇਸ ਮੌਕੇ ਸ. ਸਿੱਧੂ ਨੇ ਕਿਹਾ ਕਿ ਕੋਵਿਡ ਸੰਕਟ ਦੇ ਇਨ੍ਹਾਂ ਮੁਸ਼ਕਿਲ ਸਮਿਆਂ ਦੌਰਾਨ ਲੋਕਾਂ ਨੂੰ ਇਸ ਮਹਾਂਮਾਰੀ ਵਿਰੁੱਧ ਲੜਾਈ ਵਿੱਚ ਇਕਜੁੱਟ ਕਰਨ ਲਈ ਡਾਇਰੈਕਟਰ ਰਾਮਪਾਲ ਬੰਗਾ ਦਾ ਇਹ ਇੱਕ ਵੱਡਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਠੋਸ ਯਤਨ ਕਰ ਰਹੀ ਹੈ ਅਤੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਸਬੰਧੀ ਸਿਵਲ ਸੁਸਾਇਟੀ ਦੀਆਂ ਕੋਸ਼ਿਸ਼ਾਂ ਇਸ ਲੜਾਈ ਨੂੰ ਬਹਾਦਰੀ ਨਾਲ ਲੜਨ ਲਈ ਲੋਕਾਂ ਦੇ ਮਨੋਬਲ ਨੂੰ ਉੱਚਾ ਚੁੱਕਣਗੀਆਂ। ਉਨ੍ਹਾਂ ਅੱਗੇ ਕਿਹਾ ਕਿ ਕਲਾ ਸਮਕਾਲੀ ਮੁੱਦਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਕਲਾ ਇਕ ਉੱਤਮ ਜ਼ਰੀਆ ਹੈ ਅਤੇ ਇਹ ਵੀਡੀਓ ਇਸ ਖੇਤਰ ਨਾਲ ਜੁੜੇ ਨੌਜਵਾਨ ਦੀ ਸਿਰਜਣਾਤਮਕਤਾ ਨੂੰ ਵੀ ਦਰਸਾਉਂਦੀ ਹੈ।
ਮਿਊਜ਼ਿਕ ਵੀਡੀਓ ਦੇ ਨਿਰਦੇਸ਼ਕ ਸ਼੍ਰੀ ਰਾਮਪਾਲ ਬੰਗਾ ਨੇ ਦੱਸਿਆ ਕਿ ਕਲਾ ਦੀ ਸਭ ਤੋਂ ਵੱਡੀ ਚੁਣੌਤੀ ਅਤੇ ਜਿੱਤ, ਉਸਦੀ ਜਿੰਦਗੀ ਦੇ ਕਠੋਰ ਸੱਚ ਨੂੰ ਦਰਸਾਉਣ ਦੀ ਯੋਗਤਾ ਹੈ, ਭਾਵੇਂ ਇਹ ਕਿੰਨਾ ਵੀ ਕੌੜਾ ਜਾਂ ਮਿੱਠਾ ਹੋਵੇ। ਉਨ੍ਹਾਂ ਅੱਗੇ ਕਿਹਾ ਕਿ ਇਸ ਪਹਿਲ ਵਿੱਚ ਮਾਸਟਰ ਸਲੀਮ, ਫਿਰੋਜ਼ ਖਾਨ, ਸੁਖਬੀਰ ਰਾਣਾ, ਬੰਗਾ ਸਾਬ, ਬੂਟਾ ਮੁਹੰਮਦ, ਦੀਪ ਮਹਿੰਦੀ, ਜੀ ਖਾਨ, ਸਿਕੰਦਰ ਸਲੀਮ, ਜੂਲਫਕਾਰ ਅਲੀ, ਅਮ੍ਰਿਤ ਪਮਾਲ, ਗੁਰਕੀਰਤ ਰਾਏ, ਰਤਿਕਾ ਰਾਣਾ ਅਤੇ ਸ਼ੈਫਾਲੀ ਬਾਹੀਆ ਨੇ ਸਹਿਯੋਗ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇੰਦਰ ਸਾਹਬੀ ਅਤੇ ਕਿਰਨਜੀਤ ਕੌਰ ਨੇ ਇਸ ਵਿਲੱਖਣ ਵੀਡੀਓ ਲਈ ਬੋਲ ਤਿਆਰ ਕੀਤੇ ਹਨ।