ਸਰੀ, 9 ਅਗਸਤ 2020- ਕੈਨੇਡੀਅਨ ਸਰਕਾਰ ਵੱਲੋਂ “ਕਿਡਸ ਪਲੇਅ ਫਾਊਂਡੇਸ਼ਨ“ ਦੇ ਸੀਈਓ ਕੈਲ ਦੋਸਾਂਝ ਨੂੰ ਕੈਨੇਡਾ ਵਲੰਟੀਅਰ ਐਵਾਰਡ-2019 ਲਈ ਚੁਣਿਆ ਗਿਆ ਹੈ। ਇਹ ਰੀਜਨਲ ਐਵਾਰਡ ਕਮਿਊਨਿਟੀ ਲੀਡਰਸ਼ਿਪ ਲਈ ਪ੍ਰਦਾਨ ਕੀਤਾ ਜਾਂਦਾ ਹੈ।
ਕੈਲ ਦੋਸਾਂਝ ਸਰੀ ਦੀ ਹਰਮਨ ਪਿਆਰੀ ਸ਼ਖ਼ਸੀਅਤ ਹਨ ਜਿਨ੍ਹਾਂ 15 ਸਾਲ ਪੁਲਿਸ ਦੀ ਨੌਕਰੀ ਬੜੀ ਨਿੱਡਰਤਾ ਅਤੇ ਦਲੇਰੀ ਨਾਲ ਕੀਤੀ, ਹਮੇਸ਼ਾ ਸੱਚਾਈ ਤੇ ਪਹਿਰਾ ਦਿੱਤਾ ਅਤੇ ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਅਤੇ ਗੈਂਗਾਂ ਤੋਂ ਦੂਰ ਰੱਖਣ ਲਈ ਵਰਨਣਯੋਗ ਕਾਰਜ ਕੀਤਾ।
ਉਨ੍ਹਾਂ ਵੱਲੋਂ ਬੀਸੀ ਸਥਾਪਿਤ ਕੀਤੀ ਕਿਡਜ਼ ਪਲੇ ਫਾਊਂਡੇਸ਼ਨ ਇਕ ਗੈਰ ਲਾਭਕਾਰੀ ਸੰਸਥਾ ਹੈ ਜੋ ਬੱਚਿਆਂ ਨੂੰ ਨਸ਼ਿਆਂ, ਗੈਂਗਾਂ ਅਤੇ ਹਿੰਸਕ ਜੀਵਨ ਸ਼ੈਲੀ ਤੋਂ ਦੂਰ ਰੱਖਣ ਲਈ ਕੰਮ ਕਰ ਰਹੀ ਹੈ। ਇਸ ਦਾ ਉਦੇਸ਼ ਨੌਜਵਾਨਾਂ ਨੂੰ ਖੇਡਾਂ ਅਤੇ ਮਨੋਰੰਜਕ ਗਤੀਵਿਧੀਆਂ ਵਿਚ ਸ਼ਾਮਲ ਕਰਕੇ ਚੰਗੇਰੀ ਜ਼ਿੰਦਗੀ ਵੱਲ ਪ੍ਰੇਰਿਤ ਕਰਨਾ, ਨੌਜਵਾਨ ਲੀਡਰ ਪੈਦਾ ਕਰਨਾ ਅਤੇ ਕਮਿਊਨਿਟੀ ਅੰਦਰ ਸਕਾਰਾਤਮਕ ਤਬਦੀਲੀ ਲਿਆਉਣਾ ਹੈ। ਇਸ ਉਦੇਸ਼ ਦੀ ਪੂਰਤੀ ਲਈ ਸੰਸਥਾ ਵੱਲੋਂ ਖੇਡ ਟੂਰਨਾਮੈਂਟ ਕਰਵਾਏ ਜਾਂਦੇ ਹਨ, ਕਾਨਫਰੰਸਾਂ ਕੀਤੀਆਂ ਜਾਂਦੀਆਂ ਹਨ ਅਤੇ ਹੋਰ ਕਈ ਪ੍ਰੋਜੈਕਟ ਚਲਾਏ ਜਾ ਰਹੇ ਹਨ।
ਕੈਲ ਦੋਸਾਂਝ ਨੇ ਇਹ ਮਾਣ ਦੇਣ ਲਈ ਕੈਨੇਡੀਅਨ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਇਹ ਐਵਾਰਡ ਸਮੁੱਚੀ ਕਮਿਊਨਿਟੀ ਲਈ ਹੈ।