ਨਵੀਂ ਦਿੱਲੀ, 1 ਅਗਸਤ- ਕਾਂਗਰਸ ਦੀ ਉੱਤਰ ਪ੍ਰਦੇਸ਼ ਸਰਕਾਰ ਦੀ ਇੰਚਾਰਜ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੂਬੇ ਵਿੱਚ ਅਪਰਾਧ ਦੀਆਂ ਲਗਾਤਾਰ ਵਧ ਰਹੀਆਂ ਘਟਨਾਵਾਂ ਨੂੰ ਲੈ ਕੇ ਯੋਗੀ ਸਰਕਾਰ ਤੇ ਹਮਲਾ ਕੀਤਾ ਹੈ| ਪ੍ਰਿਯੰਕਾ ਨੇ ਕਿਹਾ ਕਿ ਅਪਰਾਧ ਦੀਆਂ ਵਾਰਦਾਤਾਂ ਤੇ ਰੋਕ ਲਗਾਉਣ ਵਿੱਚ ਉਹ ਅਸਫ਼ਲ ਸਾਬਤ ਹੋ ਰਹੀ ਹੈ| ਪ੍ਰਿਯੰਕਾ ਯੋਗੀ ਸਰਕਾਰ ਤੇ ਸੂਬੇ ਵਿੱਚ ਹੋ ਰਹੀਆਂ ਅਪਰਾਧਕ ਘਟਨਾਵਾਂ ਨੂੰ ਲੈ ਕੇ ਲਗਾਤਾਰ ਹਮਲਾ ਕਰ ਕੇ ਭਾਜਪਾ ਦੀ ਸਰਕਾਰ ਨੂੰ ਕਟਘਰੇ ਵਿੱਚ ਖੜ੍ਹਾ ਕਰ ਰਹੀ ਹੈ|
ਉਨ੍ਹਾਂ ਨੇ ਸੂਬਾ ਸਰਕਾਰ ਤੇ ਬੁਲੰਦਸ਼ਹਿਰ ਵਿੱਚ ਹੋਈ ਅਗਵਾ ਦੀ ਘਟਨਾ ਨੂੰ ਲੈ ਕੇ ਤਿੱਖਾ ਹਮਲਾ ਕੀਤਾ ਅਤੇ ਦੋਸ਼ ਲਗਾਇਆ ਕਿ ਉਹ ਅਪਰਾਧ ਰੋਕਣ ਵਿੱਚ ਨਾਕਾਮਯਾਬ ਸਾਬਤ ਹੋ ਰਹੀ ਹੈ| ਉਨ੍ਹਾਂ ਨੇ ਕਿਹਾ,”ਉੱਤਰ ਪ੍ਰਦੇਸ਼ ਵਿੱਚ ਜੰਗਲਰਾਜ ਫੈਲਦਾ ਜਾ ਰਿਹਾ ਹੈ| ਕ੍ਰਾਈਮ ਅਤੇ ਕੋਰੋਨਾ ਕੰਟਰੋਲ ਤੋਂ ਬਾਹਰ ਹੈ| ਬੁਲੰਦਸ਼ਹਿਰ ਵਿੱਚ ਸ਼੍ਰੀ ਧਰਮੇਂਦਰ ਚੌਧਰੀ ਜੀ ਨੂੰ 8 ਦਿਨ ਪਹਿਲਾਂ ਅਗਵਾ ਕੀਤਾ ਗਿਆ ਸੀ| ਕੱਲ ਉਨ੍ਹਾਂ ਦੀ ਲਾਸ਼ ਮਿਲੀ| ਕਾਨਪੁਰ, ਗੋਰਖਪੁਰ, ਬੁਲੰਦਸ਼ਹਿਰ| ਹਰ ਘਟਨਾ ਵਿੱਚ ਕਾਨੂੰਨ ਵਿਵਸਥਾ ਦੀ ਸੁਸਤੀ ਹੈ ਅਤੇ ਜੰਗਲਰਾਜ ਦੇ ਲੱਛਣ ਹਨ| ਪਤਾ ਨਹੀਂ ਸਰਕਾਰ ਕਦੋਂ ਤੱਕ ਸੋਏਗੀ|”