ਸਰੀ, 25 ਜੁਲਾਈ, 2020 : ਕੈਨੇਡਾ ਦੇ ਚੀਫ਼ ਪਬਲਿਕ ਹੈਲਥ ਅਫ਼ਸਰ, ਡਾ. ਥਰੈਸਾ ਟੈਮ ਨੇ ਦੇਸ਼ ਦੇ ਨੌਜਵਾਨਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਪਿਛਲੇ ਦੋ ਹਫਤਿਆਂ ਦੌਰਾਨ ਕੋਵਿਡ-19 ਤੋਂ ਪ੍ਰਭਾਵਿਤ ਲੋਕਾਂ ਵਿਚ ਜ਼ਿਆਦਾਤਰ 20 ਤੋਂ 39 ਸਾਲ ਦੇ ਉਮਰ ਨੌਜਵਾਨ ਹਨ। ਉਨ੍ਹਾਂ ਕਿਹਾ ਕਿ ਇਸ ਵੀਕਐਂਡ ਦੌਰਾਨ ਮਾਸਕ ਵੀ ਪਹਿਨ ਕੇ ਰੱਖੇ ਜਾਣ ਅਤੇ ਸ਼ਰੀਰਕ ਦੂਰੀ ਬਣਾ ਕੇ ਰੱਖਣ ਦਾ ਵੀ ਖਾਸ ਖਿਆਲ ਰੱਖਿਆ ਜਾਵੇ।
ਜ਼ਿਕਰਯੋਗ ਹੈ ਕਿ ਅੱਜ ਕੈਨੇਡਾ ‘ਚ ਕੋਵਿਡ-19 ਦੇ 534 ਕੇਸ ਸਾਹਮਣੇ ਆਉਣ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ 113,208 ਤੱਕ ਪਹੁੰਚ ਗਈ ਹੈ ਜਿਨ੍ਹਾਂ ਵਿੱਚੋਂ 98,873 ਪੀੜਤ ਠੀਕ ਹੋ ਚੁੱਕੇ ਹਨ। 8,881 ਲੋਕ ਇਸ ਵਾਇਰਸ ਕਾਰਨ ਜਾਨ ਗਵਾ ਚੁੱਕੇ ਹਨ।
ਬੀ.ਸੀ. ਦੀ ਸੂਬਾਈ ਸਿਹਤ ਅਫ਼ਸਰ ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਨੇ ਇੱਕ ਪ੍ਰੈਸ ਰਿਲੀਜ਼ ਵਿਚ ਦੱਸਿਆ ਹੈ ਕਿ ਸੂਬੇ ਵਿਚ ਕੋਰੋਨਾ ਵਾਇਰਸ ਦੇ 27 ਹੋਰ ਮਾਮਲੇ ਸਾਹਮਣੇ ਆਏ ਹਨ ਅਤੇ ਇਕ ਦੀ ਮੌਤ ਹੋ ਗਈ ਹੈ। ਇਸ ਤਰ੍ਹਾਂ ਬੀ.ਸੀ. ਵਿਚ ਕੋਵਿਡ-19 ਕੇਸਾਂ ਦੀ ਗਿਣਤੀ 3,419 ਹੋ ਗਈ ਹੈ। ਐਕਟਿਵ ਮਾਮਲਿਆਂ ਦੀ ਗਿਣਤੀ 294 ਹੈ ਜਿਨ੍ਹਾਂ ਵਿੱਚੋਂ 12 ਪੀੜਤ ਹਸਪਤਾਲਾਂ ਵਿਚ ਦਾਖ਼ਲ ਹਨ ਅਤੇ 3 ਆਈਸੀਯੂ ਵਿਚ ਹਨ। ਡਾ. ਬੌਨੀ ਹੈਨਰੀ ਨੇ ਸੰਕੇਤ ਦਿੱਤੇ ਹਨ ਕਿ ਸੂਬੇ ਵਿਚ ਵੱਧ ਰਹੇ ਕੋਰੋਨਾ ਵਾਇਰਸ ਦੇ ਕੇਸਾਂ ਕਾਰਨ ਕੁਝ ਹੋਰ ਪਬੰਦੀਆਂ ਲਾਈਆਂ ਜਾ ਸਕਦੀਆਂ ਹਨ।