ਮਾਨਸਾ, 12 ਜੁਲਾਈ 2020 – ਅੱਜ ਭੈਣੀ ਬਾਘਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਮਾਨਸਾ ਦੀ ਇਕ ਵੱਡੀ ਮੀਟਿੰਗ ਬਲਾਕ ਪ੍ਰਧਾਨ ਜਗਦੇਵ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਅਕਾਲੀ ਭਾਜਪਾ ਸਰਕਾਰ ਵੱਲੋਂ ਜਾਰੀ ਤਿੰਨ ਆਰਡੀਨੈਂਸਾਂ ਦੇ ਖਿਲਾਫ ਸੰਘਰਸ਼ ਤੇਜ਼ ਕਰਨ ਦਾ ਅਤੇ 27 ਜੁਲਾਈ ਨੂੰ ਮਾਨਸਾ ਵਿਖੇ ਹਰਸਿਮਰਤ ਕੌਰ ਦੇ ਦਫਤਰ ਦਾ ਘਿਰਾਓ ’ਚ ਵਧ ਚੜ ਕੇ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ । ਬੁਲਾਰਿਆਂ ਨੇ ਕਿਸਾਨ ਮਾਰੂ ਸਰਕਾਰੀ ਨੀਤੀਆਂ ਦੀ ਸਖਤ ਨਿਖੇਧੀ ਕੀਤੀ। ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਐਲਾਨ ਕੀਤਾ ਕਿ ਜੇ ਕੇਂਦਰ ਸਰਕਾਰ ਨੇ ਆਰਡੀਨੈਂਸ ਅਤੇ ਬਿਜਲੀ ਬਿੱਲ 2020 ਵਾਪਸ ਨਾ ਲਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਅਤੇ ਫਸਲਾਂ ਦੇ ਸਮਰਥਨ ਮੁੱਲ ਚ ਵਾਧਾ ਕਰਨ ਦੀ ਮੰਗ ਵੀ ਕੀਤੀ।
ਬਲਾਕ ਪ੍ਰਧਾਨ ਜਗਦੇਵ ਸਿੰਘ ਨੇ ਕਿਹਾ ਕਿ ਅਕਾਲੀ ਲੀਡਰਾਂ ਦਾ ਘਿਰਾਓ ਕਰਨ ਦਾ ਕਾਰਨ ਕੇਂਦਰ ਵਲੋਂ ਜਾਰੀ ਖੇਤੀ ਵਿਰੋਧੀ ਆਰਡੀਨੈਂਸਾਂ ਲਈ ਅਕਾਲੀ ਦਲ ਵੱਲੋਂ ਭਾਜਪਾ ਦਾ ਸਾਥ ਦੇ ਕੇ ਕਿਸਾਨੀ ਨਾਲ ਕੀਤਾ ਧਰੋਹ ਹੈ ।ਬਲਾਕ ਸਕਤਰ ਭਾਨ ਸਿੰਘ, ਮਹਿੰਦਰ ਸਿੰਘ ਰੁਮਾਣਾ ਅਤੇ ਦਰਸ਼ਨ ਸਿੰਘ ਢਿੱਲੋਂ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ। ਬੁਲਾਰਿਆਂ ਨੇ ਡੀਜਲ ਦੀਆਂ ਕੀਮਤਾਂ ਵਧਾ ਕੇ ਸਰਕਾਰ ਵਲੋਂ ਖੇਤੀ ਕਿਸਾਨੀ ਅਤੇ ਹੋਰਨਾਂ ਖੇਤਰਾਂ ਉਤੇ ਪਾਏ ਜਾ ਰਹੇ ਭਾਰੀ ਬੋਝ ਦੀ ਨਿਖੇਧੀ ਕਰਦਿਆਂ ਤੇਲ ਕੀਮਤਾਂ ਵਿੱਚ ਵਾਧਾ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਤੇਲ ਦੀਆਂ ਕੀਮਤਾਂ ਉਸ ਸਮੇਂ ਵਧਾਈਆਂ ਜਾ ਰਹੀਆਂ ਹਨ ਜਦੋਂ ਤੇਲ ਉਤਪਾਦਕ ਦੇਸ਼ਾਂ ਵਿੱਚ ਇਹ ਕੀਮਤਾਂ ਲਗਾਤਾਰ ਘਟ ਰਹੀਆਂ ਹਨ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਵਲੋਂ ਮਿਲੀ ਭੁਗਤ ਕਰਕੇ ਵਡੀਆਂ ਤੇਲ ਕੰਪਨੀਆਂ ਨੂੰ ਅੰਨੀ ਲੁੱਟ ਕਰਨ ਦੀ ਆਗਿਆ ਦਿਤੀ ਜਾ ਰਹੀ ਹੈ।