ਗੈਂਗਸਟਰ ਲਾਰੈਂਸ ਬਿਸ਼ਨੋਈ ਦੇ 7 ਬੰਦੇ ਅਸਲੇ ਸਣੇੇ ਕਾਬੂ
ਅਸ਼ੋਕ ਵਰਮਾ
ਮੋਗਾ, 7 ਅਕਤੂਬਰ 2024: ਮੋਗਾ ਪੁਲਿਸ ਨੇ ਖਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ 7 ਵਿਅਕਤੀਆ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਮੁਲਜਮਾਂ ਤੋਂ 32 ਬੋਰ ਦੇ 5 ਦੇਸੀ ਪਿਸਤੌਲ ਅਤੇ 6 ਕਾਰਤੂਸ ਵੀ ਬਰਾਮਦ ਕੀਤੇ ਹਨ। ਗ੍ਰਿਫਤਾਰ ਮੁਲਜਮਾਂ ਦੀ ਪਛਾਣ ਤੇਜਿੰਦਰ ਸਿੰਘ ਉਰਫ ਤੇਜੂ ਪੁੱਤਰ ਪ੍ਰਮਜੀਤ ਸਿੰਘ ਵਾਸੀ ਰਾਊਕੇ ਕਲਾਂ ਜਿਲ੍ਹਾ ਮੋਗਾ, ਗੋਬਿੰਦ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਸਿਉਣ ਜਿਲ੍ਹਾ ਪਟਿਆਲਾ, ਦਿਲਪ੍ਰੀਤ ਸਿੰਘ ਪੁੱਤਰ ਰਾਮ ਨਰਾਇਣ ਸਿੰਘ ਤੇ ਲਵਪ੍ਰੀਤ ਸਿੰਘ ਉਰਫ ਲੱਬੂ ਪੁੱਤਰ ਲਖਵੀਰ ਸਿੰਘ ਵਾਸੀਅਨ ਨਿਹਾਲ ਸਿੰਘ ਵਾਲਾ ਜਿਲ੍ਹਾ ਮੋਗਾ, ਦਲਰਾਜ ਸਿੰਘ ਉਰਫ ਅਕਾਸੀ, ਕਮਲਦੀਪ ਸਿੰਘ ਉਰਫ ਕਮਲ ਪੁੱਤਰ ਲਖਵੀਰ ਸਿੰਘ ਵਾਸੀ ਬੱਧਨੀ ਜਿਲ੍ਹਾ ਮੋਗਾ ਅਤੇ ਗੁਰਦੀਪ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਬੱਧਲ ਕਲਾਂ ਜਿਲ੍ਹਾ; ਮੋਗਾ ਵਜੋਂ ਕੀਤੀ ਗਈ ਹੈ।
ਮੋਗਾ ਪੁਲਿਸ ਵੱਲੋਂ ਮੁਲਜਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਨ ਦੀ ਤਿਆਰੀ ਖਿੱਚ ਦਿੱਤੀ ਅਤੇ ਇਸ ਦੌਰਾਨ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਇਹਨਾਂ ਨੇ ਪਹਿਲਾਂ ਕਿਹੜੀ ਕਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਅਤੇ ਅੱਗੇ ਵਾਰਦਾਤਾਂ ਕਰਨ ਸਬੰਧੀ ਇੰਨ੍ਹਾਂ ਦੀ ਕੀ ਯੋਜਨਾ ਸੀ। ਇਸ ਮਾਮਲੇ ’ਚ ਅਮਰੀਕਾ ਵੱਸਦੇ ਜਗਦੀਪ ਸਿੰਘ ਉਰਫ ਜੱਗਾ ਧੂੜਕੋਟ,ਸੁਖਦੀਪ ਸਿੰਘ ਅਤੇ ਹਰਜੋਤ ਸਿੰਘ ਉਰਫ ਨੀਲਾ ਨੂੰ ਗ੍ਰਿਫਤਾਰ ਕਰਨਾ ਹਾਲੇ ਬਾਕੀ ਹੈ। ਐਸਐਸਪੀ ਮੋਗਾ ਅਜੇ ਗਾਂਧੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸੀ.ਆਈ.ਏ ਸਟਾਫ ਮੋਗਾ ਦੇ ਏਐਸਆਈ ਹਰਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਸ਼ੱਕੀ ਵਿਅਕਤੀਆਂ ਦੀ ਤਲਾਸ਼ ’ਚ ਪਿੰਡ ਮਹਿਣਾ ਲਾਗੇ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਇਸ ਸਬੰਧ ’ਚ ਗੁਪਤ ਸੂਚਨਾ ਮਿਲੀ ਸੀ।
ਵਿਦੇਸ਼ ’ਚ ਰਹਿੰਦੇ ਜੱਗਾ ਧੂੜਕੋਟ ਦਾ ਬਿਸ਼ਨੋਈ ਗਰੁੱਪ ਨਾਲ ਸਬੰਧ – ਐਸਐਸਪੀ ਅਜੇ ਗਾਂਧੀ
ਐਸਐਸਪੀ ਨੇ ਦੱਸਿਆ ਕਿ ਸੂਚਨਾ ਦੇਣ ਵਾਲੇ ਨੇ ਜਾਣਕਾਰੀ ਦਿੱਤੀ ਸੀ ਕਿ ਇਸ ਵਕਤ ਵਿਦੇਸ਼ ’ਚ ਰਹਿੰਦੇ ਜਗਦੀਪ ਸਿੰਘ ਉਰਫ ਜੱਗਾ ਧੂੜਕੋਟ ਪੁੱਤਰ ਜਤਿੰਦਰ ਸਿੰਘ ਵਾਸੀ ਧੂੜਕੋਟ ਰਣਸੀਹ ਜਿਲ੍ਹਾ ਮੋਗਾ ਜਿਸ ਦਾ ਲਾਰੈਂਸ ਬਿਸ਼ਨੋਈ ਗਰੁੱਪ ਨਾਲ ਸਬੰਧ ਹੈ ਨੇ ਹਰਜੋਤ ਸਿੰਘ ਉਰਫ ਨੀਲਾ ਪੁੱਤਰ ਗੁਰਤੇਜ ਸਿੰਘ ਵਾਸੀ ਬੱਧਨੀ ਕਲਾਂ ਜਿਲਾ ਮੋਗਾ,ਸੁਖਦੀਪ ਸਿੰਘ ਪੁੱਤਰ ਸੋਹਨ ਸਿੰਘ ਵਾਸੀ ਧੂੜਕੋਟ ਰਣਸੀਹ, ਤੇਜਿੰਦਰ ਸਿੰਘ ਉਰਫ ਤੇਜੂ ਪੁੱਤਰ ਪਰਮਜੀਤ ਸਿੰਘ ਵਾਸੀ ਰਾਉਕੇ ਕਲਾਂ ਜਿਲ੍ਹਾ ਮੋਗਾ,ਗੋਬਿੰਦ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਸਿਉਣ ਜਿਲ੍ਹਾ ਪਟਿਆਲਾ,ਦਿਲਪ੍ਰੀਤ ਸਿੰਘ ਪੁੱਤਰ ਰਾਮ ਨਰਾਇਣ ਵਾਸੀ ਰਣਸੀਂਹ ਰੋਡ ਨਿਹਾਲ ਸਿੰਘ ਵਾਲਾ,ਲਵਪ੍ਰੀਤ ਸਿੰਘ ਉਰਫ ਲੱਬੂ ਪੁੱਤਰ ਲਖਵੀਰ ਸਿੰਘ ਵਾਸੀ ਰਣਸੀਂਹ ਰੋਡ ਨਿਹਾਲ ਸਿੰਘ ਵਾਲਾ,ਦਿਲਰਾਜ ਸਿੰਘ ਉਰਫ ਅਕਾਸ਼ੀ ਪੁੱਤਰ ਨਿਰਭੈ ਸਿੰਘ ਵਾਸੀ ਲੋਪੋ ਜਿਲ੍ਹਾ ਮੋਗਾ,ਕਮਲਦੀਪ ਸਿੰਘ ਉਰਫ ਕਮਲ ਪੁੱਤਰ ਲਖਵੀਰ ਸਿੰਘ ਵਾਸੀ ਬੱਧਨੀ ਕਲਾਂ,(10).ਗੁਰਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਵਾਰਡ ਨੰਬਰ 10 ਬੱਧਨੀ ਕਲਾਂ ਨਾਲ ਮਿਲ ਕੇ ਇੱਕ ਗੈਂਗ ਬਣਾਇਆ ਹੋਇਆ ਹੈ।
ਸੂਚਨਾ ਅਨੁਸਾਰ ਇਹ ਲੋਕ ਇਕੱਠੇ ਹੋਕ ਅਪਰਾਧ ਕਰਨ ਦੇ ਆਦੀ ਹਨ ਅਤੇ ਜਗਦੀਪ ਸਿੰਘ ਉਰਫ ਜੱਗਾ ਧੂੜਕੋਟ ਵਿਦੇਸ਼ ਵਿੱਚੋਂ ਵਟਸਐਪ ਕਾਲ ਰਾਹੀਂ ਆਮ ਲੋਕਾਂ ਨੂੰ ਧਮਕੀਆਂ ਦੇ ਕੇ ਫਿਰੌਤੀਆਂ ਵਸੂਲਦਾ ਹੈ, ਜੋ ਵੀ ਇਹਨਾਂ ਨੂੰ ਫਿਰੌਤੀ ਦੇਣ ਤੋ ਇਨਕਰ ਕਰਦਾ ਹੈ ਉਹਨਾਂ ’ਤੇ ਇਹ ਆਪਣੇ ਉਕਤ ਸ਼ੂਟਰਾਂ ਰਾਹੀ ਜਾਨਲੇਵਾ ਹਮਲਾ ਕਰਵਾਕੇ ਦਹਿਸ਼ਤ ਪੈਦਾ ਕਰਕੇ ਉਹਨਾਂ ਤੋਂ ਫਿਰੌਤੀ ਵਸੂਲਦਾ ਹੈ। ਸੂਚਨਾ ’ਚ ਦੱਸਿਆ ਕਿ ਅੱਜ ਵੀ ਤੇਜਿੰਦਰ ਸਿੰਘ ਉਰਫ ਤੇਜੂ, ਗੋਬਿੰਦ ਸਿੰਘ, ਦਿਲਪ੍ਰੀਤ ਸਿੰਘ, ਲਵਪ੍ਰੀਤ ਸਿੰਘ ਉਰਫ ਲੱਬੂ, ਦਿਲਰਾਜ ਸਿੰਘ ਉਰਫ ਅਕਾਸੀ,ਕਮਲਦੀਪ ਸਿੰਘ ਉਰਫ ਕਮਲ ਅਤੇ ਗੁਰਦੀਪ ਸਿੰਘ ਜਗਦੀਪ ਸਿੰਘ ਉਰਫ ਜੱਗਾ ਧੂੜਕੋਟ ਵੱਲੋ ਮੁਹੱਈਆ ਕਰਵਾਏ ਨਜਾਇਜ ਅਸਲੇ ਲੈ ਕੇ ਬੱਸ ਅੱਡਾ ਮੈਹਿਣਾ ਕੋਲ ਬੈਠੇ ਕਿਸੇ ਵਾਰਦਾਤ ਦੀ ਯੋਜਨਾ ਬਣਾ ਰਹੇ ਹਨ।
ਐਸਐਸਪੀ ਨੇ ਦੱਸਿਆ ਕਿ ਸੂਚਨਾ ਪੁਖਤਾ ਹੋਣ ਕਰਕੇ ਥਾਣਾ ਮਹਿਣਾ ’ਚ ਵੱਖ ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਛਾਪੇਮਾਰੀ ਕਰਕੇ ਸੱਤੇ ਮੁਲਜਮ ਗ੍ਰਿਫਤਾਰ ਕਰ ਲਏ। ਤੇਜਿੰਦਰ ਸਿੰਘ ਉਰਫ ਤੇਜੂ, ਗੋਬਿੰਦ ਸਿੰਘ, ਦਿਲਪ੍ਰੀਤ ਸਿੰਘ, ਲਵਪ੍ਰੀਤ ਸਿੰਘ ਉਰਫ ਲੱਬੂ, ਦਿਲਰਾਜ ਸਿੰਘ ਉਰਫ ਅਕਾਸੀ, ਕਮਲਦੀਪ ਸਿੰਘ ਉਰਫ ਕਮਲ ਅਤੇ ਗੁਰਦੀਪ ਸਿੰਘ ਤੋਂ ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਇਹਨਾਂ ਕੋਲੋਂ ਬਰਾਮਦ ਅਸਲਾ ਇਹ ਜਗਦੀਪ ਸਿੰਘ ਉਰਫ ਜੱਗਾ ਧੂੜਕੋਟ,ਸੁਖਦੀਪ ਸਿੰਘ ਅਤੇ ਹਰਜੋਤ ਸਿੰਘ ਉਰਫ ਨੀਲਾ ਦੇ ਕਹਿਣ ਤੇ ਗੁਜਰਾਤ ਤੋਂ ਲਿਆਏ ਸਨ। ਉਨ੍ਹਾਂ ਦੱਸਿਆ ਕਿ ਹੁਣ ਮੋਗਾ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਇਸ ਮਾਮਲੇ ’ਚ ਬਾਕੀ ਰਹਿੰਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਯਤਨ ਸ਼ੁਰੂ ਕਰ ਦਿੱਤੇ ਹਨ।
ਮੁਲਜਮਾਂ ਦਾ ਅਪਰਾਧਿਕ ਰਿਕਾਰਡ
ਮੋਗਾ ਪੁਲਿਸ ਅਨੁਸਾਰ ਕਮਲਦੀਪ ਸਿੰਘ ਉਰਫ ਕਮਲ,ਦਿਲਪ੍ਰੀਤ ਸਿੰਘ ਅਤੇ ਗੁਰਦੀਪ ਸਿੰਘ ਖਿਲਾਫ ਇੱਕ-ਇੱਕ ਐਫਆਈਆਰ ਦਰਜ ਹੈ। ਤੇਜਿੰਦਰ ਸਿੰਘ ਉਰਫ ਤੇਜੂ ਖਿਲਾਫ ਇੱਕ ਮੋਗਾ ਜਿਲ੍ਹੇ ’ਚ ਅਤੇ ਦੋ ਬਰਨਾਲਾ ਜਿਲ੍ਹੇ ਸਮੇਤ ਤਿੰਨ ਮੁਕੱਦਮੇ ਦਰਜ ਹਨ ਜਦੋਂਕਿ ਬਾਕੀ ਚਾਰਾਂ ਦਾ ਕੋਈ ਵੀ ਅਪਰਾਧਿਕ ਰਿਕਾਰਡ ਫਿਲਹਾਲ ਸਾਹਮਣੇ ਨਹੀਂ ਆਇਆ ਹੈ। ਜਗਦੀਪ ਸਿੰਘ ਉਰਫ ਜੱਗਾ ਧੂੜਕੋਟ ਹਾਲ ਅਮਰੀਕਾ ਖਿਲਾਫ ਰਾਜਸਥਾਨ ’ਚ ਤਿੰਨ ਅਤੇ ਪੰਜਾਬ ਦੇ ਵੱਖ ਵੱਖ ਥਾਣਿਆਂ ’ਚ 9 ਮੁਕੱਦਮੇ ਦਰਜ ਹਨ। ਸੁਖਦੀਪ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਧੂੜਕੋਟ ਰਣਸੀਂਹ ਭਗੌੜਾ ਹੈ ਜਿਸ ਖਿਲਾਫ ਦੋ ਮੁਕੱਦਮੇ ਦਰਜ ਹਨ ਜਦੋਂਕਿ ਫਰਾਰ ਚੱਲ ਰਹੇ ਹਰਜੋਤ ਸਿੰਘ ਉਰਫ ਨੀਲਾ ਖਿਲਾਫ ਹਰਿਆਣਾ ’ਚ ਇੱਕ ਅਤੇ ਪੰਜਾਬ ਦੇ ਵੱਖ ਵੱਖ ਥਾਣਿਆਂ ’ਚ 8 ਪੁਲਿਸ ਕੇਸ ਦਰਜ ਹਨ।