ਅੰਮ੍ਰਿਤਸਰ : ਅੱਜ ਪੂਰੇ ਦੇਸ਼ ਵਿੱਚ ਵੱਖ-ਵੱਖ ਥਾਵਾਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਦੋ ਘੰਟੇ ਲਈ ਰੇਲਾਂ ਰੋਕ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਸ ਦੇ ਚਲਦੇ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਦੇਵੀਦਾਸਪੁਰਾ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਦੀ ਅਗਵਾਈ ਦੇ ਵਿੱਚ ਵੱਡੀ ਗਿਣਤੀ ਚ ਕਿਸਾਨਾਂ ਵੱਲੋਂ ਪਹੁੰਚ ਕੇ ਦੋ ਘੰਟੇ ਲਈ ਰੇਲਾਂ ਰੋਕ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਇਸ ਸੰਬੰਧ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਨ ਸਿੰਘ ਪੰਧੇਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਨਾਲ ਵਾਪਰੀ ਘਟਨਾ ਦੇ ਵਿੱਚ ਹਜੇ ਤੱਕ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਹੋਈਆਂ ਅਤੇ ਕਿਸਾਨਾਂ ਨੂੰ ਇਨਸਾਫ ਨਹੀਂ ਮਿਲਿਆ। ਇਸ ਤੋਂ ਇਲਾਵਾ 13 ਫਰਵਰੀ 2024 ਤੋਂ ਕਿਸਾਨੀ ਅੰਦੋਲਨ ਸ਼ੰਬੂ ਬਾਰਡਰ ਤੇ ਚੱਲ ਰਿਹਾ ਉਸ ਦੌਰਾਨ ਵੀ ਵੱਡੀ ਗਿਣਤੀ ਚ ਕਿਸਾਨਾਂ ਦੀਆਂ ਸ਼ਹਾਦਤਾਂ ਹੋਈਆਂ ਅਤੇ ਹਜੇ ਤੱਕ ਉਸ ਮਾਮਲੇ ਚ ਵੀ ਕਿਸਾਨਾਂ ਨੂੰ ਇਨਸਾਫ ਨਹੀਂ ਮਿਲਿਆ ਅਤੇ ਨਾ ਹੀ ਕਿਸਾਨਾਂ ਦੀ ਫਸਲ ਤੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਿਆ ਹੈ।
ਉਹਨਾਂ ਨੇ ਕਿਹਾ ਕਿ ਭਾਜਪਾ ਦੇ ਨੇਤਾ ਰਵਨੀਤ ਬਿੱਟੂ ਅਤੇ ਹੁਣ ਕੰਗਨਾ ਰਨੌਤ ਵੱਲੋਂ ਜਾਣ ਬੁਝ ਕੇ ਕਿਸਾਨਾਂ ਪ੍ਰਤੀ ਗਲਤ ਬਿਆਨਬਾਜੀਆਂ ਕੀਤੀਆਂ ਜਾ ਰਹੀਆਂ ਹਨ। ਅਤੇ ਭਾਜਪਾ ਦੇ ਵੱਡੇ ਲੀਡਰਾਂ ਨੂੰ ਚਾਹੀਦਾ ਹੈ ਕਿ ਆਪਣੇ ਅਜਿਹੇ ਨੇਤਾਵਾਂ ਦੇ ਬਿਆਨਬਾਜ਼ੀਆਂ ਤੇ ਨਕੇਲ ਕੱਸਣ। ਉਹਨਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਕੰਗਨਾ ਰਨੋਤ ਜੋ ਆਏ ਦਿਨ ਹੀ ਗਲਤ ਬਿਆਨਬਾਜ਼ੀਆਂ ਕਰਦੀ ਹੈ ਇਸ ਦੇ ਲਈ ਕੰਗਣਾ ਰਨੌਤ ਦਾ ਡੋਪ ਟੈਸਟ ਹੋਣਾ ਚਾਹੀਦਾ ਹੈ।