ਗੁਰਦਾਸਪੁਰ 16 ਮਈ 2024- ਬੀਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਵੀਕਰਨ ਸਿੰਘ ਕਾਹਲੋਂ ਦੀ ਮੁਢਲੀ ਮੈਂਬਰਸ਼ਿਪ ਰੱਦ ਕਰਕੇ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ। ਫੈਸਲਾ ਹੋਣ ਤੋਂ ਬਾਅਦ ਜ਼ਿਲਾ ਪ੍ਰਧਾਨ ਰਮਨਦੀਪ ਸਿੰਘ ਸੰਧੂ ਨੇ ਕਿਹਾ ਕਿ ਸਰਦਾਰ ਸੁਖਬੀਰ ਬਾਦਲ ਨੇ ਇਹ ਫੈਸਲਾ ਪਾਰਟੀ ਵਰਕਰਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਲਿਆ ਹੈ ਜੋ ਲੰਬੇ ਸਮੇਂ ਤੋਂ ਦੁਬਿਧਾ ਵਿੱਚ ਸਨ। ਉਹਨਾਂ ਕਿਹਾ ਕਿ ਰਵੀਕਰਨ ਸਿੰਘ ਕਾਹਲੋਂ ਨੂੰ ਬਾਰ-ਬਾਰ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਉਮੀਦਵਾਰ ਦਲਜੀਤ ਚੀਮਾ ਬੇ ਹੱਕ ਵਿੱਚ ਪ੍ਰਚਾਰ ਕਰਨ ਅਤੇ ਮੀਟਿੰਗਾਂ ਕਰਨ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਅਜਿਹਾ ਨਹੀਂ ਕੀਤਾ। ਸੁਖਬੀਰ ਬਾਦਲ ਨੇ ਰਵੀਕਰਨ ਕਾਹਲੋ ਦੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਹੈ।
ਦੂਜੇ ਪਾਸੇ ਰਵੀਕਰਨ ਕਾਹਲੋ ਅੱਜ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਅਤੇ ਮਨਜਿੰਦਰ ਸਿੰਘ ਸਿਰਸਾ ਦੀ ਮੌਜੂਦਗੀ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਏ। ਇਸ ਮੌਕੇ ਉਹਨਾਂ ਵੱਲੋਂ ਆਪਣੇ ਦਿਲ ਦੀ ਭੜਾਸ ਵੀ ਖੁੱਲ ਕੇ ਕੱਢੀ ਗਈ। ਰਵੀਕਰਨ ਕਾਹਲੋਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਵਿੱਚੋਂ ਕੱਢੇ ਜਾਣ ਦੀ ਖਬਰ ਆਉਣ ਤੋਂ ਬਾਅਦ ਕੱਲ ਦੀ ਰਾਤ ਉਹਨਾਂ ਨੇ ਬੜੀ ਬੇਚੈਨੀ ਨਾਲ ਕੱਟੀ ਹੈ ਕਿਉਂਕਿ ਉਹ ਵਿਰਾਸਤੀ ਅਕਾਲੀ ਹਨ ਤੇ ਉਹਨਾਂ ਦੇ ਪੂਰਾ ਪਰਿਵਾਰ ਨੇ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਆਪਣਾ ਖੂਨ ਪਸੀਨਾ ਵਹਾਇਆ ਹੈ ਪਰ ਮੌਜੂਦਾ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ ਦੋ ਆਦਮੀ ਚਲਾ ਰਹੇ ਹਨ। ਉਹਨਾਂ ਕਿਹਾ ਕਿ ਅੱਜ ਜੋ ਵੀ ਥੋੜਾ ਜਿਹਾ ਸਿਰ ਚੁੱਕਦਾ ਹੈ ਪਾਰਟੀ ਉਸ ਨੂੰ ਚੁੱਪ ਕਰਾ ਦਿੰਦੀ ਹੈ ਜਾਂ ਬਾਹਰ ਦਾ ਰਸਤਾ ਦਿਖਾ ਦਿੰਦੀ ਹੈ। ਉਹਨਾਂ ਨੇ ਪਾਰਟੀ ਵਿੱਚ ਰਹਿ ਕੇ ਕਦੀ ਅਨੁਸ਼ਾਸਨਹੀਣਤਾ ਨਹੀਂ ਦਿਖਾਈ, ਸਿਰਫ ਇਹ ਮੰਗ ਚੁੱਕੀ ਸੀ ਕਿ ਸੁੱਚਾ ਸਿੰਘ ਲੰਗਾਹ ਵਰਗੇ ਦਾਗੀ ਬੰਦਿਆਂ ਦੀ ਪਾਰਟੀ ਵਿੱਚ ਮੁੜ ਵਾਪਸੀ ਨਹੀਂ ਹੋਣੀ ਚਾਹੀਦੀ। ਇਸੇ ਦਾ ਉਹਨਾਂ ਨੂੰ ਨਤੀਜਾ ਭੁਗਤਣਾ ਪਿਆ ਹੈ।