ਔਕਲੈਂਡ, 4 ਜੁਲਾਈ 2020 – ਲਾਕ ਡਾਊਨ ਦਾ ਅਸਰ ਔਕਲੈਂਡ ਕੌਂਸਿਲ ਦੇ ਕੰਮਾਂ ਉੱਤੇ ਬਹੁਤ ਗਹਿਰਾ ਪਿਆ ਹੈ। ਕੌਂਸਿਲ ਦਾ ਕੰਮ ਜਿੱਥੇ ਕਾਫੀ ਵਧਿਆ ਹੈ ਉੱਥੇ ਕਈ ਪਾਸੇ ਕੌਂਸਿਲ ਲੋਕਾਂ ਨੂੰ ਸੌਖਿਆ ਕਰਨ ਲਈ ਸੁਵਿਧਾਵਾਂ ਵੀ ਦੇ ਰਹੀ ਹੈ। ਔਕਲੈਂਡ ਕੌਂਸਿਲ ਘਰਾਂ ਦੀ ਜੋ ਕੈਪੀਟਲ ਵੈਲੂਏਸ਼ਨ ਕਰਦੀ ਹੈ ਉਹ ਹਰ ਤਿੰਨ ਸਾਲ ਬਾਅਦ ਹੁੰਦੀ ਹੈ ਅਤੇ ਇਸ ਵਾਰ ਦੀ ਇਹ ਸੀ.ਵੀ. (ਕੈਪੀਟਲ ਵੈਲਿਊ) ਇਸੇ ਮਹੀਨੇ ਆਉਣ ਦੀ ਸੰਭਾਵਨਾ ਸੀ, ਪਰ ਹੁਣ ਇਹ ਅਗਲੇ ਸਾਲ ਤੱਕ ਟਲ ਸਕਦੀ ਹੈ। ਕੌਂਸਿਲ ਅਗਲੇ ਹਫਤੇ ਇਸ ਸਬੰਧੀ ਵੈਲੂਅਰ ਜਨਰਲ ਤੋਂ ਜਵਾਬ ਪ੍ਰਾਪਤ ਕਰੇਗੀ। ਰੀਅਲ ਇਸਟੇਟ ਇੰਸਟੀਚਿਊਟ ਦੇ ਮੁਖੀ ਨੇ ਕਿਹਾ ਹੈ ਕਿ ਘਰਾਂ ਦੇ ਮਾਲਕਾਂ ਨੂੰ ਇਸਦੇ ਲੇਟ ਹੋਣ ਦਾ ਫਿਕਰ ਨਹੀਂ ਕਰਨਾ ਚਾਹੀਦਾ। ਇਸ ਸੀ.ਵੀ. ਦੇ ਲੇਟ ਹੋਣ ਦਾ ਇਕ ਫਾਇਦਾ ਇਹ ਹੋਵੇਗਾ ਕਿ ਘਰਾਂ ਦੇ ਰੇਟਸ (ਚੁੱਲ੍ਹਾ ਟੈਕਸ) ਅਜੇ ਨਹੀਂ ਵਧਣਗੇ। ਆਮ ਤੌਰ ਉਤੇ ਘਰਾਂ ਦੀ ਖਰੀਦੋ-ਫਰੋਖਤ ਵੇਲੇ ਘਰਾਂ ਦੀ ਕੈਪੀਟਲ ਵੈਲਿਊ ਵੇਖੀ ਜਾਂਦੀ ਹੈ ਅਤੇ ਉਸੇ ਹਿਸਾਬ ਦੇ ਨਾਲ ਬੈਂਕ ਅਤੇ ਗਾਹਕ ਉਸਦੀ ਕੀਮਤ ਤੈਅ ਕਰਦੇ ਹਨ। ਕਈ ਲੋਕਾਂ ਨੂੰ ਆਸ ਸੀ ਕਿ ਨਵੀਂ ਸੀ.ਵੀ. ਆਉਣ ਦੇ ਨਾਲ ਉਨ੍ਹਾਂ ਦੇ ਘਰਾਂ ਦੀ ਕੀਮਤ ਵੀ ਵਧ ਜਾਵੇਗੀ, ਪਰ ਲਗਦਾ ਇਹ ਗੱਲ ਕਹਿਣ ਵਾਸਤੇ ਅਜੇ ਅਗਲੇ ਸਾਲ ਤੱਕ ਦੀ ਉਡੀਕ ਕਰਨੀ ਪਵੇਗੀ।