ਗੁਰਦਾਸਪੁਰ , 16 ਫ਼ਰਵਰੀ 2024 : ਸੰਯੁਕਤ ਕਿਸਾਨ ਮੋਰਚਾ ਅਤੇ ਕੇਂਦਰੀ ਟਰੇਡ ਯੂਨੀਅਨ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਕਾਰਨ ਅੱਜ ਗੁਰਦਾਸਪੁਰ ‘ਚ ਕਿਸਾਨ ਜਥੇਬੰਦੀਆਂ ਨੇ ਜੰਮੂ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਬੱਬਰੀ ਬਾਈਪਾਸ ‘ਤੇ ਚਾਰੇ ਪਾਸਿਓਂ ਆਵਾਜਾਈ ਠੱਪ ਕਰਕੇ ਧਰਨਾ ਦਿੱਤਾ ।
ਕਿਸਾਨ ਅਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਧਰਨਾ ਲਗਾਇਆ ਗਿਆ ਹੈ, ਜੋ ਕਿ ਸਵੇਰੇ 12:00 ਤੋਂ ਸ਼ਾਮ 4:00 ਵਜੇ ਤੱਕ ਜਾਰੀ ਰਹੇਗਾ।ਇਸ ਮੌਕੇ ਜਾਣਕਾਰੀ ਦਿੰਦਿਆਂ ਸਾਂਝਾ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਮੱਖਣ ਸਿੰਘ ਕੋਹਾੜ, ਕਿਰਤੀ ਪ੍ਰਧਾਨ ਸਤਬੀਰ ਸਿੰਘ ਸੁਲਤਾਨੀ ਨੇ ਕਿਹਾ ਕਿ ਧਰਨੇ ਵਿੱਚ ਕਿਸਾਨ ਜਥੇਬੰਦੀਆਂ ਵੀ ਪਹੁੰਚੀਆਂ ਹਨ।ਉਨ੍ਹਾਂ ਦੱਸਿਆ ਕਿ ਇਸ ਭਾਰਤ ਬੰਦ ਦੇ ਸੱਦੇ ਵਿੱਚ ਦੇਸ਼ ਭਰ ਦੇ 450 ਦੇ ਕਰੀਬ ਧੜੇ ਸ਼ਾਮਲ ਹਨ, ਜਿਨ੍ਹਾਂ ਵਿੱਚ ਪੰਜਾਬ ਦੇ 36 ਗਰੁੱਪ ਸ਼ਾਮਲ ਹਨ।ਉਨ੍ਹਾਂ ਦੱਸਿਆ ਕਿ ਇਸ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਮਜ਼ਦੂਰਾਂ, ਮੁਲਾਜ਼ਮਾਂ ਅਤੇ ਹੋਰ ਜਥੇਬੰਦੀਆਂ ਵਲੋਂ ਵੀ ਸਹਿਯੋਗ ਦਿੱਤਾ ਜਾ ਰਿਹਾ ਹੈ। ਜਦੋਂ ਕਿ ਦੁਕਾਨਦਾਰਾਂ, ਰੇਹੜੀ ਵਿਕਰੇਤਾ ਯੂਨੀਅਨ, ਆਟੋ ਰਿਕਸ਼ਾ ਯੂਨੀਅਨ, ਟਰੱਕ ਯੂਨੀਅਨ, ਸਬਜ਼ੀ ਮੰਡੀ ਅਤੇ ਅਨਾਜ ਮੰਡੀ ਕਮਿਸ਼ਨ ਏਜੰਟਾਂ ਅਤੇ ਵਪਾਰੀ ਜਥੇਬੰਦੀਆਂ ਨੇ ਵੀ ਪੂਰਾ ਸਹਿਯੋਗ ਦਿੱਤਾ ਹੈ।