ਹਰਦਾ/ਮੱਧ ਪ੍ਰਦੇਸ਼, 6 ਫਰਵਰੀ 2024- ਮੱਧ ਪ੍ਰਦੇਸ਼ ਤੋਂ ਅੱਗਜ਼ਨੀ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਪਟਾਕੇ ਬਣਾਉਣ ਵਾਲੀ ਫੈਕਟਰੀ ‘ਚ ਜ਼ਬਰਦਸਤ ਧਮਾਕਾ ਹੋਇਆ, ਜਿਸ ਕਾਰਨ ਅੱਗ ਚਾਰੇ ਪਾਸੇ ਫੈਲ ਗਈ। ਅੱਗ ਦੀਆਂ ਲਪਟਾਂ ਵਧਦੇ ਹੀ ਲੋਕਾਂ ਵਿਚ ਭਗਦੜ ਮੱਚ ਗਈ। ਕਈ ਲੋਕ ਅੱਗ ਦੀ ਲਪੇਟ ਵਿਚ ਹਨ।
ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ। ਇਸ ਘਟਨਾ ‘ਚ 11 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 70 ਲੋਕ ਜ਼ਖਮੀ ਹੋਏ ਹਨ। ਇਹ ਘਟਨਾ ਹਰਦਾ ਜ਼ਿਲ੍ਹੇ ਦੇ ਬੈਰਾਗੜ੍ਹ ਵਿੱਚ ਸਥਿਤ ਪਟਾਕਾ ਫੈਕਟਰੀ ਵਿੱਚ ਵਾਪਰੀ। ਜਦੋਂ ਧਮਾਕਾ ਹੋਇਆ ਤਾਂ ਫੈਕਟਰੀ ਅੰਦਰ ਬਹੁਤ ਸਾਰੇ ਕਰਮਚਾਰੀ ਮੌਜੂਦ ਸਨ।
ਜਿਵੇਂ-ਜਿਵੇਂ ਪਟਾਕਾ ਫੈਕਟਰੀ ‘ਚ ਅੱਗ ਫੈਲ ਰਹੀ ਸੀ, ਰੁਕ-ਰੁਕ ਕੇ ਧਮਾਕੇ ਹੋ ਰਹੇ ਸਨ। ਇਕ ਤੋਂ ਬਾਅਦ ਇਕ ਕਈ ਧਮਾਕੇ ਹੋਏ। ਮੱਧ ਪ੍ਰਦੇਸ਼ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾਕਟਰ ਮੋਹਨ ਯਾਦਵ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਮੁਆਵਜ਼ਾ ਦੇਣ ਦੇ ਨਾਲ-ਨਾਲ ਜ਼ਖਮੀਆਂ ਦਾ ਮੁਫਤ ਇਲਾਜ ਕਰਨ ਦਾ ਐਲਾਨ ਕੀਤਾ ਹੈ। ਨਾਲ ਹੀ 6 ਮੈਂਬਰੀ ਜਾਂਚ ਕਮੇਟੀ ਵੀ ਬਣਾਈ ਗਈ ਹੈ। ਵਧੀਕ ਮੁੱਖ ਸਕੱਤਰ ਮੁਹੰਮਦ ਸੁਲੇਮਾਨ ਨੂੰ ਇਸ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ।
ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਹਰਦਾ ਵਿੱਚ ਹੋਏ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਟਵੀਟ ਕਰਕੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਸਾਰੀ ਸਥਿਤੀ ‘ਤੇ ਨਜ਼ਰ ਰੱਖ ਰਹੀ ਹੈ।