ਸੁਲਤਾਨਪੁਰ ਲੋਧੀ, 29 ਜਨਵਰੀ 2024 : ਸ਼੍ਰੀ ਨਾਨਕ ਝੀਰਾ ਸਾਹਿਬ ਫਾਊਂਡੇਸ਼ਨ ਬਿਦਰ ਕਰਨਾਟਕਾ ਵੱਲੋਂ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਸਨਮਾਨਿਤ ਕੀਤਾ ਗਿਆ। ਗੁਰੂ ਨਾਨਕ ਇੰਜੀਨੀਅਰ ਕਾਲਜ ਬਿਦਰ ਵਿਖੇ ਹੋਏ ਇਸ ਸਨਮਾਨ ਸਮਾਗਮ ਵਿੱਚ ਦੇਸ਼ ਵਿੱਚ ਚੋਟੀ ਦੀਆਂ 10 ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਕਰਨਾਟਕ ਵਿਚ ਸਿੱਖਿਆ ਤੇ ਸਮਾਜਿਕ ਕਾਰਜਾਂ ਨੂੰ ਸਮਰਪਿਤ ਰਹੇ ਸਰਦਾਰ ਜੋਗਾ ਸਿੰਘ ਦੀ ਯਾਦ ਵਿੱਚ ਕਲਿਆਣ ਕਰਨਾਟਕ ਐਵਾਰਡ ਦਿੱਤੇ ਜਾਂਦੇ ਹਨ। ਇਸ ਸਮਾਗਮ ਵਿੱਚ ਕੇਂਦਰੀ ਰਾਜ ਮੰਤਰੀ ਭਗਵਾਨਾਥ ਖੁਬਾ, ਕਰਨਾਟਕ ਦੇ ਵਾਤਾਵਰਣ ਮੰਤਰੀ ਈਸ਼ਵਰ ਖੰਡੂਰੀ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਰਹੀਮ ਖਾਨ ਉਚੇਚੇ ਤੌਰ ‘ਤੇ ਹਾਜ਼ਰ ਹੋਏ।
ਫਾਊਂਡੇਸ਼ਨ ਦੇ ਪ੍ਰਧਾਨ ਬਲਬੀਰ ਸਿੰਘ ਨੇ ਦੱਸਿਆ ਨੇ ਦੇਸ਼ ਵਿਚ ਵੱਖ ਵੱਖ ਖੇਤਰਾਂ ਨਾਮਣਾ ਖੱਟਣ ਵਾਲੀਆਂ ਸਖਸ਼ੀਅਤਾਂ ਨੂੰ ਇਸ ਸੰਸਥਾ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਸਨਮਾਨਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 1980 ਵਿੱਚ ਉਨ੍ਹਾਂ ਦੇ ਪਿਤਾ ਜੋਗਾ ਸਿੰਘ ਜੀ ਨੇ ਗੁਰੂ ਨਾਨਕ ਇੰਜੀਨੀਅਰ ਕਾਲਜ ਦੀ ਸ਼ੁਰੂਆਤ ਕਰਵਾਈ ਸੀ ਜਦੋਂ ਦੇਸ਼ ਵਿੱਚ ਸਿਰਫ ਗਿਣਤੀ ਦੇ ਇੰਜੀਨੀਅਰ ਕਾਲਜ ਸਨ। ਉਹਨਾਂ ਦੱਸਿਆ ਕਿ ਇਸ ਕਾਲਜ ਨੇ ਦੇਸ਼ ਨੂੰ ਬਹੁਤ ਹੀ ਨਾਮੀ ਇੰਜੀਨੀਅਰ ਦਿੱਤੇ ਹਨ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਨਮਾਨ ਹਾਸਲ ਕਰਨ ਉਪਰੰਤ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਕਾਰਨ ਸੁਲਤਾਨਪੁਰ ਲੋਧੀ ਅਤੇ ਬਿਦਰ ਦੀ ਆਪਸੀ ਇਤਿਹਾਸਕ ਸਾਂਝ ਵੀ ਹੈ। ਉਨ੍ਹਾ ਕਿਹਾ ਕਿ ਸੁਲਤਾਨਪੁਰ ਲੋਧੀ ਵਿੱਚ ਬਾਬੇ ਨਾਨਕ ਜੀ ਨੇ ਆਪਣੇ ਜੀਵਨ ਦਾ ਵੱਡਾ ਹਿੱਸਾ ਬਤੀਤ ਕਰਕੇ ਜਿਥੇ ਗੁਰਬਾਣੀ ਦਾ ਉਚਾਰਨ ਕੀਤਾ ਸੀ, ਉਥੇ ਬਿਦਰ ਵਿੱਚ ਠੰਡੇ ਜਲ ਦੀ ਲੋੜ ਪੂਰੀ ਕਰਕੇ ਇਥੋਂ ਦੇ ਲੋਕਾਂ ਦਾ ਜੀਵਨ ਹੀ ਬਦਲ ਕੇ ਰੱਖ ਦਿੱਤਾ ਸੀ।
ਇਹ ਸਨਮਾਨ ਲੈਣ ਵਾਲਿਆਂ ਵਿਚ ਹਜੂਰ ਸਾਹਿਬ ਵਾਲੇ ਬਾਬਾ ਬਲਵਿੰਦਰ ਸਿੰਘ, ਮਹਾਰਾਸ਼ਟਰ ਦੇ ਸਾਬਕਾ ਡੀ.ਜੀ.ਪੀ ਪਰਵਿੰਦਰ ਸਿੰਘ ਪਚਰੀਸਾ ਅਤੇ ਅਮਰੀਕਾ ਤੋਂ ਆਏ ਪ੍ਰਵਾਸੀ ਪੰਜਾਬੀ ਵੀ ਸ਼ਾਮਲ ਸਨ।