ਅੰਮ੍ਰਿਤਸਰ ,22 ਨਵੰਬਰ 2023 : ਅੱਜ ਅੰਮ੍ਰਿਤਸਰ ਵਿੱਚ ਆਈਪੀਐਸ ਗੁਰਪ੍ਰੀਤ ਸਿੰਘ ਭੁੱਲਰ ਨੇ ਨਵੇਂ ਪੁਲਿਸ ਕਮਿਸ਼ਨਰ ਵਜੋਂ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੁਰਮ ਤੋਂ ਰੋਕਥਾਮ ਅਤੇ ਬਚਾਅ ਹੀ ਪੁਲਿਸ ਦਾ ਮੁੱਖ ਟੀਚਾ ਹੈ। ਅਤੇ ਜਨਤਾ ਦੇ ਸੇਵਾਦਾਰ ਹੋਣ ਦੇ ਨਾਤੇ ਉਹ ਇਸ ਕੰਮ ਨੂੰ ਬਖੂਬੀ ਨਿਭਾਉਣ ਦੀ ਕੋਸ਼ਿਸ਼ ਕਰਨਗੇ।
ਉਹਨਾਂ ਕਿਹਾ ਕਿ ਉਹ ਵੱਡੇ ਭਾਗਾਂ ਵਾਲੇ ਹਨ ਕਿ ਉਹਨਾਂ ਨੂੰ ਅੰਮ੍ਰਿਤਸਰ ਗੁਰੂ ਨਗਰੀ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਅੰਮ੍ਰਿਤਸਰ ਵਿੱਚ ਕਰਾਈਮ ਅਤੇ ਨਸ਼ੇ ਦੀ ਸਮੱਸਿਆ ਨੂੰ ਹੱਲ ਕਰਨ ਲਈ ਭੁੱਲਰ ਵੱਲੋਂ ਜਨਤਾ ਦਾ ਸਹਿਯੋਗ ਵੀ ਮੰਗਿਆ ਗਿਆ ਇਸ ਤੋਂ ਇਲਾਵਾ ਸ਼ਹਿਰ ਵਿੱਚ ਵੱਧ ਰਹੀ ਟਰੈਫਿਕ ਨੂੰ ਕੰਟਰੋਲ ਕਰਨ ਦੀ ਗੱਲ ਵੀ ਭੁੱਲਰ ਵੱਲੋਂ ਕਹੀ ਗਈ
ਇਸ ਵਿਚਾਲੇ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਰਹੇ ਇਕ ਲੱਖ ਤੋਂ ਵੱਧ ਸ਼ਰਧਾਲੂਆਂ ਦੀ ਗੱਡੀਆਂ ਦੇ ਕਾਗਜ਼ਾਂ ਦੇ ਨਾਮ ਤੇ ਟਰੈਫਿਕ ਪੁਲਿਸ ਵੱਲੋਂ ਤੰਗ ਪਰੇਸ਼ਾਨ ਕਰਨ ਦਾ ਮੁੱਦਾ ਵੀ ਚੁੱਕਿਆ ਗਿਆ ਜਿਸ ਦਾ ਭੁੱਲਰ ਨੇ ਯਕੀਨ ਦਵਾਇਆ ਕਿ ਉਹ ਇਸ ਮੁੱਦੇ ਦੇ ਬਾਰੇ ਆਪਣੇ ਅਧਿਕਾਰੀਆਂ ਦੇ ਨਾਲ ਗੱਲ ਕਰਕੇ ਜਲਦੀ ਹੀ ਇਸ ਦਾ ਹੱਲ ਕੱਢਣਗੇ
ਸ਼ਹਿਰ ਦੇ ਵਪਾਰੀਆਂ ਕੋਲੋਂ ਵੱਧ ਰਹੇ ਫਰੌਤੀ ਦੇ ਮਾਮਲਿਆਂ ਬਾਰੇ ਭੁੱਲਰ ਨੇ ਕਿਹਾ ਕਿ ਇਸ ਬਾਰੇ ਉਹ ਆਪਣੇ ਫੋਰਸ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨਗੇ ਅਤੇ ਅਜਿਹੇ ਕ੍ਰਾਈਮ ਨੂੰ ਰੋਕਣ ਲਈ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਈ ਜਾਵੇਗੀ
ਜਿੱਥੋਂ ਤੱਕ ਡਰੋਨ ਰਾਹੀਂ ਅੰਮ੍ਰਿਤਸਰ ਸਰਹੱਦ ਤੋਂ ਹੇਰੋਇਨ ਭਾਰਤ ਵਿੱਚ ਪਹੁੰਚਾਉਣ ਦੀ ਗੱਲ ਹੈ ਉਸਦੇ ਬਾਰੇ ਬੋਲਦੇ ਹੋਏ ਨਵ ਨਿਯੁਕਤ ਕਮਿਸ਼ਨਰ ਨੇ ਕਿਹਾ ਕਿ ਹਾਲਾਂਕਿ ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਇਸ ਨੂੰ ਰੋਕਣ ਲਈ ਭਰਪੂਰ ਯਤਨ ਕੀਤੇ ਜਾ ਰਹੇ ਹਨ ਪਰ ਇਸ ਦੇ ਨਾਲ ਹੀ ਸਥਾਨਕ ਵਸਨੀਕਾਂ ਅਤੇ ਲੋਕਾਂ ਦਾ ਸਹਿਯੋਗ ਵੀ ਜਰੂਰੀ ਹੈ ਤਾਂ ਹੀ ਨਸ਼ੇ ਅਤੇ ਕਰਾਈਮ ਤੇ ਠੱਲ ਪਾਈ ਜਾ ਸਕਦੀ ਹੈ।
ਥਾਣਿਆਂ ਵਿੱਚ ਮੁਦਈ ਦੀ ਗੱਲ ਪੁਲਿਸ ਅਧਿਕਾਰੀਆਂ ਵੱਲੋਂ ਸਹੀ ਤਰੀਕੇ ਨਾਲ ਨਾ ਸੁਣਣ ਬਾਰੇ ਗੱਲ ਤੇ ਬੋਲਦੇ ਹੋਏ ਭੁੱਲਰ ਨੇ ਕਿਹਾ ਕਿ ਉਹਨਾਂ ਅਤੇ ਉਹਨਾਂ ਦੇ ਪੁਲਿਸ ਅਧਿਕਾਰੀਆਂ ਦੇ ਦਰਵਾਜ਼ੇ ਜਨਤਾ ਲਈ ਹਮੇਸ਼ਾ ਹੀ ਖੁੱਲੇ ਹਨ ਅਤੇ ਕਿਸੇ ਤਰ੍ਹਾਂ ਦੀ ਵੀ ਸ਼ਿਕਾਇਤ ਹੋਣ ਤੇ ਜਨਤਾ ਉਨਾਂ ਦੇ ਆਫਿਸ ਵਿਖੇ ਸ਼ਿਕਾਇਤ ਕਰ ਸਕਦੀ ਹੈ ਅਤੇ ਜਨਤਾ ਲਈ ਉਹਨਾਂ ਦੇ ਆਫਿਸ ਦੇ ਦਰਵਾਜ਼ੇ ਸਦਾ ਹੀ ਖੁੱਲੇ ਹਨ।