ਅੰਮ੍ਰਿਤਸਰ, 20 ਨਵੰਬਰ 2023- ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਮੌਜੂਦਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅੱਜ ਅੰਮ੍ਰਿਤਸਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਥਾ ਕਰਨ ਪਹੁੰਚੇ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿਸ ਤਰੀਕੇ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਤੇ ਘਟਨਾ ਵਾਪਰੀ ਹੈ ਇਸ ਤੇ ਪਾਕਿਸਤਾਨ ਸਰਕਾਰ ਨੂੰ ਵੀ ਵੱਡਾ ਐਕਸ਼ਨ ਲੈਣ ਦੀ ਜਰੂਰਤ ਹੈ।
ਉਹਨਾਂ ਅੱਗੇ ਬੋਲਦੇ ਹੋਏ ਕਿਹਾ ਕਿ ਜਿਸ ਤਰੀਕੇ ਐਨਆਰਆਈ ਲੋਕਾਂ ਤੋਂ ਕਰਤਾਰਪੁਰ ਸਾਹਿਬ ਦਰਸ਼ਨਾਂ ਦੇ ਲਈ ਪੰਜ ਡਾਲਰ ਫੀਸ ਲਈ ਜਾ ਰਹੀ ਹੈ। ਅਜਿਹਾ ਲੱਗ ਰਿਹਾ ਹੈ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਐਨਆਰਆਈ ਤੇ ਜਜੀਆ ਟੈਕਸ ਲਗਾਇਆ ਜਾ ਰਿਹਾ ਹੈ ਜੋ ਕਿ ਬਹੁਤ ਹੀ ਨਿੰਦਨਯੋਗ ਹੈ। ਉਹਨਾਂ ਕਿਹਾ ਕਿ ਅਗਰ ਪਾਕਿਸਤਾਨ ਦੇ ਵਿੱਚ ਕਿਸੇ ਦਰਗਾਹ ਦੇ ਉੱਪਰ ਹੱਜ ਜਾਂ ਉਮਰਾ ਕਰਨ ਵਾਲੇ ਉਹਨਾਂ ਤੋਂ ਪੈਸੇ ਲਿੱਤੇ ਜਾਣ ਤੇ ਉਹਨਾਂ ਦੇ ਦਿਲਾਂ ਤੇ ਜੋ ਬੀਤੇਗੀ ਉਹਹੀ ਇਸ ਸਮੇਂ ਸਿੱਖਾਂ ਦੇ ਦਿਲਾਂ ਤੇ ਬੀਤ ਰਹੀ ਹੈ ਅਤੇ ਉਹਨਾਂ ਨੇ ਵੱਖ-ਵੱਖ ਥਾਵਾਂ ਤੇ ਹੋ ਰਹੀਆਂ ਮਨਮੱਤਾਂ ਦੀ ਵੀ ਨਿਖੇਧੀ ਕੀਤੀ ਹੈ।
ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਪੂਰੇ ਦੇਸ਼ ਵਿੱਚ ਸਿੱਖਾਂ ਦੇ ਉੱਪਰ ਹਮਲੇ ਹੋ ਰਹੇ ਹਨ ਇਸ ਦਾ ਕਾਰਨ ਹੈ ਕਿ ਬੀਜੇਪੀ ਦੇ ਆਗੂਆਂ ਵੱਲੋਂ ਸਿੱਖਾਂ ਨੂੰ ਅਤੇ ਗੁਰਦੁਆਰਿਆਂ ਨੂੰ ਨਸੂਰ ਕਿਹਾ ਜਾ ਰਿਹਾ। ਉਹਨਾਂ ਕਿਹਾ ਕਿ ਜਬਲਪੁਰ ਵਿੱਚ ਵਾਪਰੀ ਘਟਨਾ ਵੀ ਬਹੁਤ ਦੁਖਦਾਈ ਹੈ। ਅਜਿਹਾ ਲੱਗ ਰਿਹਾ ਹੈ ਕਿ ਲੋਕਰਾਜ ਅਤੇ ਕਾਨੂੰਨ ਨਾਮ ਦੀ ਕੋਈ ਵੀ ਚੀਜ਼ ਭਾਰਤ ਵਿੱਚ ਨਹੀਂ ਹੈ।