ਗੁਰਦਾਸਪੁਰ , 23 ਅਕਤ੍ਹਬਰ 2023 : ਅਕਾਲੀ ਦਲ ਦੇ ਯੂਥ ਪ੍ਰਧਾਨ ਸਰਬਜੀਤ ਸਿੰਘ ਝੰਜੜ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਟਾਲਾ ਦੇ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀ ਨੰਗਲ ਦੇ ਹਲਕੇ ਫਤਿਹਿਗੜ੍ਹ ਚੂੜੀਆਂ ਦੇ ਪਿੰਡ ਧਰਮਕੋਟ ਰੰਧਾਵਾ ਵਿਖੇ ਅਕਾਲੀ ਦਲ ਵੱਲੋਂ ਨੌਜਵਾਨ ਰੈਲੀ ਕਰਵਾਈ ਗਈ ਜਿਸ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਨੇ ਖਾਸ ਤੌਰ ਤੇ ਸ਼ਿਰਕਤ ਕੀਤੀ। ਨੌਜਵਾਨਾਂ ਵਿੱਚ ਇਸ ਮੌਕੇ ਭਾਰੀ ਉਤਸਾਹ ਵੇਖਿਆ ਗਿਆ। ਉਹਨਾਂ ਵੱਲੋਂ ਬਿਕਰਮ ਮਜੀਠੀਏ ਦਾ ਭਰਪੂਰ ਸਵਾਗਤ ਕੀਤਾ ਗਿਆ ਤੇ ਮੋਟਰਸਾਈਕਲਾਂ ਕਾਰਾ ਦੇ ਕਾਫਲੇ ਨਾਲ ਮਜੀਠੀਆ ਨੂੰ ਰੈਲੀ ਸਥਲ ਤੇ ਪਹੁੰਚਾਇਆ ਗਿਆ।
ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਵਿਕਰਮਜੀਤ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਤਿੱਖੇ ਨਿਸ਼ਾਨੇ ਸਾਧੇ। ਉਹਨਾਂ ਬੀਤੇ ਦਿਨੀ ਇੱਕ ਮਹਿਲਾ ਕਾਲਜ ਪ੍ਰੋਫੈਸਰ ਵੱਲੋਂ ਕੀਤੀ ਗਈ ਆਤਮ ਹੱਤਿਆ ਦੇ ਜਿੰਮੇਦਾਰ ਸਿੱਧੇ ਤੌਰ ਤੇ ਪੰਜਾਬ ਸਰਕਾਰ ਨੂੰ ਠਹਿਰਾਇਆ ਤੇ ਕਿਹਾ ਕਿ ਪ੍ਰੋਫੈਸਰ ਵੱਲੋਂ ਸਾਫ ਸਾਫ ਆਪਣੇ ਸੁਸਾਇਡ ਨੋਟ ਵਿੱਚ ਸਿਖਿਆ ਮੰਤਰੀ ਹਰਜੋਤ ਬੈਂਸ ਦਾ ਨਾਮ ਲਿਖਿਆ ਗਿਆ ਹੈ ਅਤੇ ਸਾਫ ਤੌਰ ਤੇ ਲਿਖਿਆ ਗਿਆ ਹੈ ਕਿ ਦੋ ਵਾਰ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਅਸਿਸਟੈਂਟ ਪ੍ਰੋਫੈਸਰਾਂ ਨੂੰ ਉਹਨਾਂ ਦਾ ਹੱਕ ਨਾ ਦਿੱਤੇ ਜਾਣ ਕਾਰਨ ਆਰਥਿਕ ਤੰਗੀ ਦੇ ਚਲਦਿਆਂ ਉਸਦੇ ਪੇਟ ਵਿੱਚ ਉਸਦੇ ਦੋ ਬੱਚਿਆ ਮੌਤ ਹੋ ਗਈ ਅਤੇ ਉਸ ਨੂੰ ਡਿਪਰੈਸ਼ਨ ਦਾ ਸਾਹਮਣਾ ਕਰਨਾ ਪਿਆ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਅਸਿਸਟੈਂਟ ਪ੍ਰੋਫੈਸਰਾਂ ਨਾਲ ਧੋਖਾ ਕੀਤਾ ਹੈ।ਮ੍ਰਿਤਕ ਅਸਿਸਟੈਂਟ ਪ੍ਰੋਫੈਸਰ ਲਗਾਤਾਰ ਧਰਨਿਆਂ ਵਿੱਚ ਸ਼ਰੀਕ ਹੋ ਰਹੀ ਸੀ ਅਤੇ ਸਾਰੇ ਅਸਿਸਟੈਂਟ ਪ੍ਰੋਫੈਸਰਾਂ ਦੀ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਧੱਕੇਸ਼ਾਹੀ ਤੋਂ ਪਰੇਸ਼ਾਨ ਚੱਲ ਰਹੀ ਸੀ ਅਤੇ ਇਹੋ ਪਰੇਸ਼ਾਨੀ ਉਸ ਦੀ ਮੌਤ ਦਾ ਕਾਰਨ ਬਣੀ।
ਇੱਕ ਮੌਕੇ ਵਿਕਰਮਜੀਤ ਸਿੰਘ ਮਜੀਠੀਆ ਨੇ ਮਾਈਨਿੰਗ ਮੁੱਦੇ ਤੇ ਵੀ ਪੰਜਾਬ ਸਰਕਾਰ ਨੂੰ ਘੇਰਿਆ ਤੇ ਐਸਐਸਪੀ ਸੋਨੀ ਤੇ ਵੀ ਸਰਕਾਰ ਦੀ ਚਮਚਾ ਗਿਰੀ ਕਰਦਿਆਂ ਮਾਈਨਿੰਗ ਮਾਮਲੇ ਵਿੱਚ ਸਹੀ ਤੱਥ ਪੇਸ਼ ਨਾ ਕਰਨ ਦੇ ਗੰਭੀਰ ਇਲਜ਼ਾਮ ਲਾਏ। ਉਹਨਾਂ ਕਿਹਾ ਕਿ ਵੀਡੀਓ ਵਾਇਰਲ ਹੋਣ ਦੇ ਬਾਵਜੂਦ ਮਾਈਨਿੰਗ ਦੇ ਮਾਮਲੇ ਵਿੱਚ ਠੀਕ ਢੰਗ ਨਾਲ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਦੀ ਸੀਬੀਆਈ ਵੱਲੋਂ ਜਾਂਚ ਹੋਣੀ ਚਾਹੀਦੀ ਹੈ।
ਵਿਧਾਨ ਸਭਾ ਸੈਸ਼ਨ ਬਾਰੇ ਬੋਲਦਿਆਂ ਵਿਕਰਮ ਮਜੀਠੀਆ ਨੇ ਕਿਹਾ ਕਿ ਹਰ ਸੈਸ਼ਨ ਤੇ ਕਰੋੜ ਤੋਂ ਸਵਾ ਕਰੋੜ ਰੁਪਏ ਖਰਚ ਆਉਂਦਾ ਹੈ ਪਰ ਸਰਕਾਰ ਜਨਤਾ ਦੇ ਪੈਸੇ ਨੂੰ ਵਿਅਰਥ ਗਵਾ ਰਹੀ ਹੈ। ਪੰਜਾਬ ਸਰਕਾਰ ਦੀ ਉਦੇਸ਼ ਸਿਰਫ ਜਨਤਾ ਨਾਲ ਧੋਖਾ ਕਰਨ ਦਾ ਹੈ ਵਿਧਾਨ ਸਭਾ ਵਿੱਚ ਐਸਵਾਈਐਲ ਅਤੇ ਹੋਰ ਪੰਜਾਬ ਦੇ ਮੁੱਦਿਆ ਤੇ ਗੱਲ ਕਰਨ ਵਿੱਚ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦੀ ਕੋਈ ਦਿਲਚਸਪੀ ਨਹੀਂ ਹੈ। ਸਰਕਾਰ ਸਿਰਫ ਲੋਕਾਂ ਨੂੰ ਮੂਰਖ ਬਣਾਉਣ ਦਾ ਕੰਮ ਕਰ ਰਹੀ ਹੈ।