ਮੁੰਬਈ, 1 ਸਤੰਬਰ ਮਝਗਾਂਵ ਡਾਕ ਸ਼ਿਪਬਿਲਡਰਸ (ਐੱਮ.ਡੀ.ਐੱਲ.) ਵਲੋਂ ਨਿਰਮਿਤ ਭਾਰਤੀ ਜਲ ਸੈਨਾ ਦੇ ਜੰਗੀ ਬੇੜੇ ‘ਮਹਿੰਦਰਗਿਰੀ’ ਲਾਂਚ ਕੀਤਾ ਗਿਆ। ਇਸ ਸਮਾਰੋਹ ਵਿੱਚ ਜਗਦੀਪ ਧਨਖੜ ਮੁੱਖ ਮਹਿਮਾਨ ਸਨ। ਉਨ੍ਹਾਂ ਕਿਹਾ ਕਿ ਇਹ ਉੱਚਿਤ ਹੈ ਕਿ ਜੰਗੀ ਬੇੜੇ ਦਾ ਲਾਂਚ ਮੁੰਬਈ ਵਰਗੇ ਸ਼ਹਿਰ ਵਿੱਚ ਹੋਇਆ। ਉਡੀਸ਼ਾ ਵਿੱਚ ਪੂਰਬੀ ਘਾਟ ਵਿੱਚ ਸਭ ਤੋਂ ਉੱਚੀ ਚੋਟੀ ਦੇ ਨਾਮ ਤੇ ਬਣਿਆ ਇਹ ਜੰਗੀ ਬੇੜਾ ‘ਪ੍ਰਾਜੈਕਟ 17-ਏ’ ਦੇ ਬੇੜੇ ਦੇ ਅਧੀਨ ਬਣਿਆ 7ਵਾਂ ਜਹਾਜ਼ ਹੈ। ਇਹ ਜੰਗੀ ਬੇੜਾ ਉੱਨਤ ਜੰਗੀ ਪ੍ਰਣਾਲੀਆਂ, ਆਧੁਨਿਕ ਹਥਿਆਰਾਂ, ਸੈਂਸਰ ਅਤੇ ਪਲੇਟਫਾਰਮ ਮੈਨੇਜਮੈਂਟ ਸਿਸਟਮ ਨਾਲ ਲੈੱਸ ਹੈ।
ਉਹਨਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਕਮਿਸ਼ਨ ਮਿਲਣ ਤੋਂ ਬਾਅਦ ‘ਮਹਿੰਦਰਗਿਰੀ’ ਭਾਰਤ ਦੀ ਸਮੁੰਦਰੀ ਤਾਕਤ ਦੇ ਰਾਜਦੂਤ ਵਜੋਂ ਪੂਰੇ ਮਹਾਸਾਗਰ ਵਿੱਚ ਮਾਣ ਨਾਲ ਤਿਰੰਗਾ ਲਹਿਰਾਏਗਾ। ਉਨ੍ਹਾਂ ਕਿਹਾ ਕਿ ਮੈਂ ਪੂਰੇ ਵਿਸ਼ਵਾਸ ਨਾਲ ਸਾਡੀ ਫ਼ੋਰਸ ਨੂੰ ਵਧਾਈ ਦਿੰਦਾ ਹਾਂ। ਉਹ ਵੱਡੇ ਪੈਮਾਨੇ ਤੇ ਦੁਨੀਆਂ ਦੀ ਸੁਰੱਖਿਆ ਲਈ ਖ਼ੁਦ ਵਿੱਚ ਸੁਧਾਰ ਕਰਨਾ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ‘ਮਹਿੰਦਰਗਿਰੀ’ ਦਾ ਲਾਂਚ ਸਾਡੇ ਸਮੁੰਦਰੀ ਇਤਿਹਾਸ ਵਿੱਚ ਇਕ ਮਹੱਤਵਪੂਰਨ ਮੀਲ ਦਾ ਪੱਥਰ ਹੈ। ਉਨ੍ਹਾਂ ਕਿਹਾ ਕਿ ਫ਼ੌਜ, ਜਲ ਸੈਨਾ ਅਤੇ ਹਵਾਈ ਫ਼ੌਜ ਵਿੱਚ 10 ਹਜ਼ਾਰ ਤੋਂ ਵੱਧ ਔਰਤਾਂ ਦੀ ਮਜ਼ਬੂਤ ਮੌਜੂਦਗੀ ਨਾਲ ਭਾਰਤੀ ਹਥਿਆਰਬੰਦ ਫ਼ੋਰਸਾਂ ਨੇ ਲਿੰਗ ਸਮਾਨਤਾ ਵਿੱਚ ਕਾਫ਼ੀ ਤਰੱਕੀ ਕੀਤੀ ਹੈ।