ਨਵੀਂ ਦਿੱਲੀ, 25 ਜੂਨ, 2020 : ਦੇਸ਼ ਵਿਚ ਤੇਲ ਕੀਮਤਾਂ ਵਿਚ ਇਕ ਵਾਰ ਫਿਰ ਵਾਧਾ ਹੋ ਗਿਆ ਹੈ। ਵੀਰਵਾਰ ਨੂੰ ਤੇਲ ਵੇਚਣ ਵਾਲੀਆਂ ਕੰਪਨੀਆਂ ਨੇ ਪੈਟਰੋਲ ਦੇ ਰੇਟ ਵਿਚ 16 ਪੈਸੇ ਅਤੇ ਡੀਜ਼ਲ ਦੀ ਕੀਮਤ ਵਿਚ 14 ਪੈਸੇ ਦਾ ਵਾਧਾ ਕਰ ਦਿੱਤਾ। ਵਾਧੇ ਮਗਰੋਂ ਦਿੱਲੀ ਵਿਚ ਪੈਟਰੋਲ 79.92 ਰੁਪਏ ਅਤੇ ਡੀਜ਼ਲ 80.02 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਇਹ ਲਗਾਤਾਰ 19ਵਾਂ ਦਿਨ ਹੈ ਜਦੋਂ ਡੀਜ਼ਲ ਕੀਮਤਾਂ ‘ਚ ਵਾਧਾ ਕੀਤਾ ਗਿਆ ਹੈ। ਬੁੱਧਵਾਰ ਨੂੰ ਡੀਜ਼ਲ ਦੀ ਕੀਮਤ ਤਾਂ ਵਧਾਈ ਗਈ ਸੀ ਪਰ ਪੈਟਰੋਲ ਦੀ ਨਹੀਂ ਵਧਾਈ ਗਈ। ਬੁੱਧਵਾਰ ਨੂੰ ਪਹਿਲੀ ਵਾਰ ਡੀਜ਼ਲ ਦੀ ਕੀਮਤ ਪੈਟਰੋਲ ਨਾਲੋਂ ਵੱਧ ਹੋ ਗਈ। ਇੰਡੀਅਨ ਆਇਲ ਕਾਰਪੋਰੇਸ਼ਨ ਦੇ ਚੇਅਰਮੈਨ ਸੰਜੀਵ ਸਿੰਘ ਦਾ ਕਹਿਣਾ ਹੈ ਕਿ ਦਿੱਲੀ ਵਿਚ ਡੀਜ਼ਲ ਦੀ ਕੀਮਤ ਵਿਚ ਵਾਧੇ ਦੇ ਕਾਰਨ ਦਿੱਲੀ ਸਰਕਾਰ ਵੱਲੋਂ ਵਧਾਇਆ ਗਿਆ ਵੈਟ ਹੈ। ਉਹਨਾਂ ਕਿਹਾ ਕਿ ਹੋਰਨਾਂ ਸ਼ਹਿਰਾਂ ਵੈਟ ਘੱਟ ਹੋਣ ਕਾਰਨ ਡੀਜ਼ਲ ਦੀ ਕੀਮਤ ਘੱਟ ਹੈ। ਦਿੱਲੀ ਸਰਕਾਰ ਨੇ ਪੈਟਰੋਲ ‘ਤੇ ਵੈਟ 27 ਤੋਂ ਵਧਾ ਕੇ 30 ਪ੍ਰਤੀਸ਼ਤ ਤੇ ਡੀਜ਼ਲ ‘ਤੇ 16.75 ਤੋਂ ਵਧਾ ਕੇ 30 ਪ੍ਰਤੀਸ਼ਤ ਕਰ ਦਿੱਤਾ ਹੈ। ਇਹ ਫੈਸਲਾ 5 ਮਈ ਨੂੰ ਕੀਤਾ ਗਿਆ ਸੀ।