ਡਰਬੀ, 21 ਅਗਸਤ – ਇੰਗਲੈਂਡ ਦੇ ਡਰਬੀ ਵਿਚ ਇੱਕ ਖੇਡ ਮੁਕਾਬਲੇ ਦੌਰਾਨ ਕਥਿਤ ਤੌਰ ਤੇ ਬੰਦੂਕਾਂ ਅਤੇ ਤਲਵਾਰਾਂ ਚੱਲੀਆਂ। ਇਸ ਦੌਰਾਨ ਇੱਕ ਵਿਅਕਤੀ ਨੇ ਤਲਵਾਰ ਨਾਲ ਹਮਲਾ ਕਰ ਦਿੱਤਾ, ਜਿਸ ਵਿਚ ਤਿੰਨ ਲੋਕ ਜ਼ਖ਼ਮੀ ਹੋ ਗਏ। ਚਸ਼ਮਦੀਦ ਗਵਾਹਾਂ ਦਾ ਕਹਿਣਾ ਹੈ ਕਿ ਦੋ ਵਿਰੋਧੀ ਗਰੋਹਾਂ ਨੇ ਹਿੰਸਾ ਕੀਤੀ। ਇਹ ਖੌਫਨਾਕ ਘਟਨਾ ਬੀਤੀ ਸ਼ਾਮ ਅਲਵਾਸਟਨ, ਡਰਬੀਸ਼ਾਇਰ ਦੇ ਡਰਬੀ ਕਬੱਡੀ ਮੈਦਾਨ ਵਿੱਚ ਵਾਪਰੀ। ਇੱਕ ਚਸ਼ਮਦੀਦ ਨੇ ਦੱਸਿਆ ਕਿ ਇੱਕ ਆਦਮੀ ਨੂੰ ਗੋਲੀ ਮਾਰੀ ਗਈ ਅਤੇ ਫਿਰ ਉਸ ਤੇ ਤਲਵਾਰ ਨਾਲ ਹਮਲਾ ਕੀਤਾ ਗਿਆ। ਇੱਕ ਵਿਅਕਤੀ ਨੇ ਤਲਵਾਰ ਨਾਲ ਵਾਰ-ਵਾਰ ਹਮਲਾ ਕਰਨ ਤੋਂ ਪਹਿਲਾਂ ਇੱਕ ਵਿਅਕਤੀ ਨੂੰ ਗੋਲੀ ਮਾਰਦੇ ਹੋਏ ਦੇਖਿਆ। ਲੋਕਾਂ ਨੂੰ ਸਾਈਟ ਛੱਡਣ ਦੀ ਚੇਤਾਵਨੀ ਦਿੱਤੀ ਜਾ ਰਹੀ ਸੀ, ਹਾਲਾਂਕਿ ਕੁਝ ਲੋਕਾਂ ਨੂੰ ਨਾਕਾ ਹੋਣ ਕਾਰਨ ਆਪਣੇ ਵਾਹਨਾਂ ਨੂੰ ਅੰਦਰ ਛੱਡਣਾ ਪਿਆ।
ਡਰਬੀਸ਼ਾਇਰ ਪੁਲੀਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਬੀਤੇ ਦਿਨ ਐਲਵਾਸਟਨ ਲੇਨ, ਅਲਵਾਸਟਨ ਵਿੱਚ ਇੱਕ ਵੱਡੇ ਪੱਧਰ ਤੇ ਗੜਬੜ ਮਗਰੋਂ ਬੁਲਾਇਆ ਗਿਆ। ਪੁਲੀਸ ਅਨੁਸਾਰ ਤਿੰਨ ਲੋਕ ਜ਼ਖਮੀ ਹੋਏ ਹਨ, ਇੱਕ ਦੀ ਹਾਲਤ ਗੰਭੀਰ ਹੈ। ਇਨ੍ਹਾਂ ਸਾਰਿਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਲਾਕੇ ਵਿੱਚ ਪੁਲੀਸ ਮੌਜੂਦ ਹੈ ਅਤੇ ਅਧਿਕਾਰੀਆਂ ਦੇ ਕੁਝ ਸਮੇਂ ਲਈ ਘਟਨਾ ਸਥਾਨ ਤੇ ਰਹਿਣ ਦੀ ਉਮੀਦ ਹੈ। ਉੱਧਰ ਗਵਾਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ 20 ਤੋਂ ਵੱਧ ਪੁਲੀਸ ਕਾਰਾਂ ਨੂੰ ਘਟਨਾ ਵਾਲੀ ਥਾਂ ਤੇ ਜਾਂਦੇ ਦੇਖਿਆ। ਪੁਲੀਸ ਨੇ ਫਿਲਹਾਲ ਜ਼ਖ਼ਮੀਆਂ ਦੇ ਵੇਰਵੇ ਜਾਰੀ ਨਹੀਂ ਕੀਤੇ ਹਨ।