ਬਠਿੰਡਾ, 23 ਜੂਨ 2020 – ਬਠਿੰਡਾ ਜ਼ਿਲ੍ਹੇ ਵਿਚ ਅੱਜ ਪੰਜ ਬੰਦੀਆਂ ਸਮੇਤ ਕੋਰੋਨਾ ਦੇ 20 ਨਵੇਂ ਮਾਮਲੇ ਸਾਹਮਣੇ ਆਏ ਹਨ ਜਦ ਕਿ 4 ਮਾਮਲੇ ਬੀਤੀ ਦੇਰ ਸ਼ਾਮ ਸਾਹਮਣੇ ਆਏ ਸਨ। ਇਸ ਤਰ੍ਹਾਂ 12 ਘੰਟਿਆਂ ’ਚ ਆਏ ਦੋ ਦਰਜਨ ਮਾਮਲਿਆਂ ਨੇ ਸਿਹਤ ਵਿਭਾਗ ਦੇ ਫਿਕਰ ਵਧਾ ਦਿੱਤੇ ਹਨ। ਬੰਦੀ ਪੁਲਿਸ ਮੁਲਾਜਮਾਂ ਦੇ ਸੰਪਰਕ ’ਚ ਆਏ ਹਨ ਜਿਨ੍ਹਾਂ ਦੇ ਮਾਮਲੇ ’ਚ ਵੀ ਕਾਰਵਾਈ ਕੀਤੀ ਜਾਣੀ ਹੈ। ਉਂਝ ਰਾਹਤ ਵਾਲੀ ਗੱਲ ਇਹੋ ਰਹੀ ਕਿ ਅੱਜ 5 ਜਣੇ ਕੋਰੋਨਾ ਨੂੰ ਮਾਤ ਦੇ ਕੇ ਵਾਪਸ ਘਰ ਪਰਤ ਗਏ ਹਨ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਦਿੱਤੀ ਹੈ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵਧੇਰੇ ਸਾਵਧਾਨੀ ਰੱਖਣ ਅਤੇ ਜਨਤਕ ਥਾਂਵਾਂ ਤੇ ਬਿਨਾਂ ਮਾਸਕ ਤੋਂ ਨਾ ਜਾਣ, ਸਮਾਜਿਕ ਵਿੱਥ ਦਾ ਖਿਆਲ ਰੱਖਣ ਅਤੇ ਵਾਰ-ਵਾਰ ਹੱਥ ਧੋਂਦੇ ਰਹਿਣ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਸਿਵਲ ਸਰਜਨ ਡਾ: ਅਮਰੀਕ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਜੋ ਚਾਰ ਪਾਜ਼ੀਟਿਵ ਨਤੀਜੇ ਆਏ ਸਨ ਉਹ ਚਾਰੋ ਪ੍ਰਦੇਸ਼ ਤੋਂ ਬਾਹਰ ਤੋਂ ਪਰਤੇ ਸਨ। ਜਦ ਕਿ ਅੱਜ ਜੋ 20 ਨਤੀਜੇ ਮਿਲੇ ਹਨ ਇਨ੍ਹਾਂ ਵਿਚ 8 ਬਠਿੰਡਾ ਜ਼ਿਲ੍ਹੇ ਦੇ ਹਨ ਜਦ ਕਿ 12 ਜ਼ਿਲੇ ਤੋਂ ਬਾਹਰੋਂ ਆਏ ਸਨ। ਬਾਹਰੋਂ ਆਉਣ ਵਾਲਿਆਂ ਵਿਚੋਂ 5 ਬਿਹਾਰ ਤੋਂ, 3 ਹਰਿਆਣਾ ਤੋਂ, 1 ਮੋਗਾ ਜ਼ਿਲ੍ਹੇ ਤੋਂ, 1 ਮਾਨਸਾ ਜ਼ਿਲ੍ਹੇ ਤੋਂ, 1 ਉੱਤਰ ਪ੍ਰਦੇਸ਼ ਤੋਂ, 1 ਗੁਜਰਾਤ ਤੋਂ ਪਰਤਿਆ ਹੈ।
ਇਸੇ ਤਰ੍ਹਾਂ ਅੱਜ ਜੋ 20 ਨਮੂਨੇ ਪਾਜ਼ੀਟਿਵ ਆਏ ਹਨ ਉਨ੍ਹਾਂ ਵਿਚੋਂ 5 ਨੂੰ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿਚ ਹਿਰਾਸਤ ਵਿਚ ਲਿਆ ਗਿਆ ਸੀ। ਇਸੇ ਤਰ੍ਹਾਂ ਅੱਜ ਦੇ ਕੁੱਲ 20 ਵਿਚੋਂ 1 ਨਾਬਾਲਿਗ ਹੈ ਅਤੇ 3 ਔਰਤਾਂ ਹਨ। ਦੋ ਔਰਤਾਂ ਗਰਭਵਤੀ ਹਨ। ਉਨ੍ਹਾਂ ਨੇ ਦੱਸਿਆ ਕਿ ਪਾਜਿਟਿਵ ਆਏ ਕੇਸਾਂ ਦੇ ਸੰਪਰਕਾਂ ਦਾ ਪਤਾ ਲਗਾ ਕੇ ਉਨਾਂ ਦੀ ਸੈਂਪਿਗ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਇਕਾਂਤਵਾਸ ਕੀਤਾ ਜਾ ਰਿਹਾ ਹੈ ਜਦ ਕਿ ਪਾਜ਼ੀਟਿਵ ਆਏ ਕੇਸਾਂ ਨੂੰ ਹਸਪਤਾਲਾਂ ਵਿਚ ਤਬਦੀਲ ਕੀਤਾ ਜਾ ਰਿਹਾ ਹੈ।