ਐਸ.ਏ.ਐਸ ਨਗਰ, 19 ਜੁਲਾਈ= ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਕਮੇਟੀ ਮੈਂਬਰ ਬੀਬੀ ਅਮਨਜੋਤ ਕੌਰ ਰਾਮੂੰਵਾਲੀਆ ਨੇ ਕਿਹਾ ਹੈ ਕਿ ਵਿਰੋਧੀ ਪਾਰਟੀਆਂ ਨੂੰ ਲੋਕ ਸਭਾ ਚੋਣਾਂ ਵਿੱਚ ਆਪਣੀ ਹਾਰ ਸਾਫ਼-ਸਾਫ਼ ਦਿਖਾਈ ਦੇ ਰਹੀ ਹੈ ਜਿਸ ਦੇ ਚੱਲਦਿਆਂ ਆਪਣੀਆਂ ਕੁਰਸੀਆਂ ਬਚਾਉਣ ਲਈ ਸਾਰੀਆਂ ਵਿਰੋਧੀ ਪਾਰਟੀਆਂ ਗੱਠਜੋੜ ਕਰਨ ਲਈ ਤਿਆਰ ਹੋ ਗਈਆਂ ਹਨ।
ਵਿਰੋਧੀ ਪਾਰਟੀਆਂ ਵੱਲੋਂ ਕੀਤੀਆਂ ਜਾ ਰਹੀਆਂ ਮੀਟਿੰਗਾਂ ਬਾਰੇ ਟਿੱਪਣੀ ਕਰਦਿਆਂ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਦੇ ਪਿਛਲੇ 9 ਸਾਲਾਂ ਦੇ ਕਾਰਜਕਾਲ ਵਿਚ ਲੋਕ ਹਿੱਤ ਲਈ ਕੰਮ ਕਰਦਿਆਂ ਸੈਂਕੜੇ ਨਵੀਆਂ ਸਕੀਮਾਂ ਸ਼ੁਰੂ ਕੀਤੀਆਂ,ਜਿਸ ਕਰਕੇ ਹਰੇਕ ਵਰਗ ਦੇ ਲੋਕਾਂ ਵਿੱਚ ਭਾਜਪਾ ਪਹਿਲੀ ਪਸੰਦ ਬਣ ਚੁੱਕੀ ਹੈ।
ਉਹਨਾਂ ਕਿਹਾ ਕਿ ਭਾਜਪਾ ਨੇ 9 ਸਾਲਾਂ ਵਿਚ ”ਸਭ ਦਾ ਸਾਥ, ਸਭ ਦਾ ਵਿਕਾਸ” ਸਲੋਗਨ ਤੇ ਕੰਮ ਕਰਦਿਆਂ ਜਨ-ਧਨ ਯੋਜਨਾ, ਉਜਵਲਾ ਯੋਜਨਾ, ਕਿਸਾਨ ਪੈਨਸ਼ਨ ਸਕੀਮ, ਫਸਲ ਬੀਮਾ ਯੋਜਨਾ, ਮੁਦਰਾ ਯੋਜਨਾ, ਆਯੁਸਮਾਨ ਭਾਰਤ ਰਾਹੀਂ ਮੁਫ਼ਤ ਇਲਾਜ, ਜਲ-ਜੀਵਨ ਮਿਸ਼ਨ ਅਤੇ ਨਵੀਂ ਰੌਸ਼ਨੀ ਮਿਸ਼ਨ ਵਰਗੀਆਂ ਸੈਂਕੜੇ ਨਵੀਆਂ ਸਕੀਮਾਂ ਸ਼ੁਰੂ ਕੀਤੀਆਂ ਅਤੇ ਅੱਜ ਸਾਰਾ ਦੇਸ਼ ਇਹਨਾਂ ਸਕੀਮਾਂ ਤੋਂ ਲਾਭ ਪ੍ਰਾਪਤ ਕਰ ਰਿਹਾ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਭਾਰਤ ਨੂੰ ਆਤਮ-ਨਿਰਭਰ ਬਣਾਇਆ ਅਤੇ ਆਰਥਿਕ ਪੱਖੋਂ ਪੂਰੀ ਦੁਨੀਆਂ ਵਿਚ ਪੰਜਵਾਂ ਸਥਾਨ ਹਾਸਲ ਕੀਤਾ।
ਬੀਬੀ ਰਾਮੂੰਵਾਲੀਆ ਨੇ ਕਿਹਾ ਕਿ ਭਾਵੇਂ ਸਾਰੀਆਂ ਵਿਰੋਧੀ ਪਾਰਟੀਆਂ ਇਕੱਜੁਟ ਹੋ ਜਾਣ ਪਰੰਤੂ ਲੋਕ ਸਭਾ ਚੋਣਾਂ ਵਿਚ ਭਾਜਪਾ ਵੱਲੋਂ ਪੂਰਨ ਬਹੁਮਤ ਨਾਲ ਜਿੱਤ ਹਾਸਲ ਕਰਕੇ ਇਤਿਹਾਸ ਬਣਾਇਆ ਜਾਵੇਗਾ।