ਮੁੰਬਈ, 4 ਜੁਲਾਈ- ਮਹਾਰਾਸ਼ਟਰ ਦੇ ਧੂਲੇ ਜ਼ਿਲ੍ਹੇ ਵਿੱਚ ਸੜਕ ਹਾਦਸਾ ਵਾਪਰ ਕਾਰਨ 10 ਵਿਅਕਤੀਆਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਤੇਜ਼ ਰਫ਼ਤਾਰ ਕੰਟੇਨਰ ਨੇ ਚਾਰ ਗੱਡੀਆਂ ਨੂੰ ਟੱਕਰ ਮਾਰ ਦਿੱਤੀ ਅਤੇ ਫਿਰ ਹਾਈਵੇਅ ਤੇ ਇਕ ਹੋਟਲ ਵਿਚ ਜਾ ਵੱਜਾ। ਇਸ ਦੀ ਲਪੇਟ ਵਿੱਚ ਆਉਣ ਨਾਲ ਕਰੀਬ 10 ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਜ਼ਖਮੀ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਤੇਜ਼ ਰਫ਼ਤਾਰ ਕਾਰਨ ਕੰਟੇਨਰ ਬੇਕਾਬੂ ਹੋ ਕੇ ਹੋਟਲ ਦੇ ਅੰਦਰ ਜਾ ਵੜਿਆ। ਹੋਟਲ ਵਿੱਚ ਖਾਣਾ ਖਾਣ ਲਈ ਲੋਕਾਂ ਦੀ ਭੀੜ ਸੀ, ਜਿਸ ਕਾਰਨ ਇਹ ਵੱਡਾ ਹਾਦਸਾ ਹੋ ਗਿਆ। ਮਾਮਲੇ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਰਾਜਧਾਨੀ ਤੋਂ 300 ਕਿਲੋਮੀਟਰ ਦੂਰ ਧੂਲੇ ਵਿੱਚ ਮੁੰਬਈ-ਆਗਰਾ ਹਾਈਵੇਅ ਤੇ ਪਲਾਸਨੇਰ ਪਿੰਡ ਨੇੜੇ ਸਵੇਰੇ 10.45 ਵਜੇ ਵਾਪਰਿਆ। ਨਾਲ ਹੀ ਦੱਸਿਆ ਗਿਆ ਕਿ ਇਹ ਭਿਆਨਕ ਹਾਦਸਾ ਕੰਟੇਨਰ ਦੀ ਬ੍ਰੇਕ ਫੇਲ ਹੋਣ ਕਾਰਨ ਵਾਪਰਿਆ ਹੈ। ਇਸ ਨੇ ਦੋ ਮੋਟਰਸਾਈਕਲਾਂ, ਇੱਕ ਕਾਰ ਅਤੇ ਦੂਜੇ ਕੰਟੇਨਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸਾਰੀਆਂ ਗੱਡੀਆਂ ਨੂੰ ਟੱਕਰ ਮਾਰਦੇ ਹੋਏ ਕੰਟੇਨਰ ਹਾਈਵੇਅ ਤੇ ਇੱਕ ਬੱਸ ਸਟਾਪ ਨੇੜੇ ਹੋਟਲ ਵਿੱਚ ਜਾ ਵੜਿਆ ਅਤੇ ਉੱਥੇ ਹੀ ਪਲਟ ਗਿਆ। ਅਧਿਕਾਰੀ ਨੇ ਕਿਹਾ, ਲਗਪਗ 10 ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਜ਼ਖਮੀ ਹੋ ਗਏ। ਬੱਸ ਸਟਾਪ ਤੇ ਉਡੀਕ ਕਰ ਰਹੇ ਬਹੁਤ ਸਾਰੇ ਲੋਕ ਵੀ ਹਾਦਸੇ ਦਾ ਸ਼ਿਕਾਰ ਹੋ ਗਏ।
ਅਧਿਕਾਰੀ ਨੇ ਦੱਸਿਆ ਕਿ ਟਰੱਕ ਮੱਧ ਪ੍ਰਦੇਸ਼ ਤੋਂ ਧੂਲੇ ਵੱਲ ਜਾ ਰਿਹਾ ਸੀ। ਜ਼ਖਮੀਆਂ ਨੂੰ ਸ਼ਿਰਪੁਰ ਅਤੇ ਧੂਲੇ ਦੇ ਹਸਪਤਾਲਾਂ ਵਿੱਚ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।