ਮਾਲੇਰਕੋਟਲਾ, 8 ਜੂਨ 2023 – ਹੁਣ ਪੰਜਾਬ ਭਰ ਵਿੱਚ ਮਸਜਿਦਾਂ ਅਤੇ ਮਦਰੱਸਿਆਂ ਦੀ ਬਿਹਤਰੀ ਦੇ ਨਾਲ-ਨਾਲ ਕਬਰਿਸਤਾਨਾਂ ਨੂੰ ਰਿਜ਼ਰਵ ਕਰਨਾ ਅਤੇ ਉਨ੍ਹਾਂ ਦੀਆਂ ਚਾਰਦੀਵਾਰੀਆਂ ਨੂੰ ਯਕੀਨੀ ਤੌਰ ਤੇ ਬਣਾਉਣ ਲਈ ਪੰਜਾਬ ਵਕਫ਼ ਬੋਰਡ ਵੱਡੇ ਪੱਧਰ ’ਤੇ ਕੰਮ ਕਰ ਰਿਹਾ ਹੈ। ਜਦੋਂ ਕਿ ਲੰਬੇ ਸਮੇਂ ਤੋਂ ਪੰਜਾਬ ਭਰ ਦੇ ਮੁਸਲਮਾਨ ਇਸ ਸਬੰਧੀ ਸ਼ਿਕਾਇਤ ਕਰਦੇ ਆ ਰਹੇ ਸਨ। ਇਸ ਤੋਂ ਇਲਾਵਾ ਸਕੂਲੀ ਸਿੱਖਿਆ ਅਤੇ ਸਿਹਤ ਪ੍ਰਣਾਲੀ ਨੂੰ ਅਪਗ੍ਰੇਡ ਕਰਨ ਲਈ ਪੰਜਾਬ ਭਰ ਵਿੱਚ ਵੱਡੇ ਪੱਧਰ ’ਤੇ ਕੰਮ ਚੱਲ ਰਿਹਾ ਹੈ। ਇਸ ਮੁਹਿੰਮ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪਿਛਲੇ ਪੰਜ ਮਹੀਨਿਆਂ ਵਿੱਚ ਲੱਖਾਂ ਰੁਪਏ ਦੇ ਫੰਡ ਜਾਰੀ ਕੀਤੇ ਜਾ ਚੁੱਕੇ ਹਨ। ਇਹ ਜਾਣਕਾਰੀ ਦਿੰਦਿਆਂ ਏ.ਡੀ.ਜੀ.ਪੀ-ਕਮ-ਪ੍ਰਸ਼ਾਸਕ ਪੰਜਾਬ ਵਕਫ਼ ਬੋਰਡ ਐਮ.ਐਫ.ਫਾਰੂਕੀ ਨੇ ਕਿਹਾ ਕਿ ਮੁਸਲਿਮ ਭਾਈਚਾਰੇ ਦੀਆਂ ਜਾਇਜ਼ ਮੰਗਾਂ ਦੀ ਪੂਰਤੀ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਵਿੱਚ ਮਸਜਿਦਾਂ ਅਤੇ ਮਦਰੱਸਿਆਂ ਨੂੰ 14.25 ਲੱਖ ਰੁਪਏ ਦੇ ਵਿਕਾਸ ਫੰਡ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿੱਚ ਲਾਹੌਰੀਆ ਮੁਹੱਲਾ ਵਿੱਚ ਮਦਰੱਸਾ ਗੋਸੀਆ ਰਿਜ਼ਵੀਆ, ਤਹਿਸੀਲ ਮੁਕੇਰੀਆ ਵਿੱਚ ਮਸਜਿਦ ਰਹਿਮਾਨੀਆ, ਤਹਿਸੀਲ ਗੜ੍ਹਸ਼ੰਕਰ ਵਿੱਚ ਮਸਜਿਦ, ਪਿੰਡ ਮਾਣਕ ਢੇਰੀ ਵਿੱਚ ਜਾਮਾ ਮਦਨੀ ਮਸਜਿਦ, ਪਿੰਡ ਭੋਰਾ ਵਿੱਚ ਮਦੀਨਾ ਮਸਜਿਦ, ਫੌਜੀ ਕਾਲੋਨੀ ਵਿੱਚ ਮਦੀਨਾ ਮਸਜਿਦ, ਪਿੰਡ ਕਾਲੜਾ ਵਿੱਚ ਨੂਰਾਨੀ ਮਸਜਿਦ, ਪਿੰਡ ਕਲਿਆਣਪੁਰ ਵਿੱਚ ਮਦਰੱਸਾ ਰਜ਼ਾ-ਏ-ਮੁਸਤਫਾ, ਪਿੰਡ ਰਾਏਪੁਰ ਵਿੱਚ ਮਦੀਨਾ ਮਸਜਿਦ ਅਤੇ ਪਿੰਡ ਡੇਹਰੀਵਾਲ ਵਿੱਚ ਮਦੀਨਾ ਮਸਜਿਦ ਸ਼ਾਮਲ ਹਨ।