ਸਰੀ, 30 ਮਈ 2023-ਕੱਲ੍ਹ ਹੋਈਆਂ ਅਲਬਰਟਾ ਵਿਧਾਨ ਸਭਾ ਚੋਣਾਂ ਵਿਚ ਡੈਨੀਅਲ ਸਮਿਥ ਦੀ ਅਗਵਾਈ ਵਾਲੀ ਯੂਪੀਸੀ ਨੇ ਬਹੁਮਤ ਹਾਸਲ ਕਰ ਲਿਆ ਹੈ। ਯੂਪੀਸੀ ਨੂੰ ਕੁੱਲ 87 ਸੀਟਾਂ ਵਿੱਚੋਂ 49 ਸੀਟਾਂ ਉਪਰ ਜਿੱਤ ਹਾਸਲ ਹੋਈ ਹੈ ਜਦੋਂ ਕਿ ਐਨਡੀਪੀ ਨੂੰ 38 ਸੀਟਾਂ ਮਿਲੀਆਂ ਹਨ। ਇਸ ਤਰ੍ਹਾਂ ਯੂਪੀਸੀ ਹੁਣ ਅਗਲੇ ਚਾਰ ਸਾਲ ਇਕ ਵਾਰ ਫੇਰ ਅਲਬਰਟਾ ਦੀ ਸੱਤਾ ਉਪਰ ਕਾਬਜ਼ ਰਹੇਗੀ।
ਇਨ੍ਹਾਂ ਚੋਣਾਂ ਵਿਚ ਐਨਡੀਪੀ ਨੂੱ ਐਡਮਿੰਟਨ ਸ਼ਹਿਰ ਦੇ ਲੋਕਾਂ ਨੇ ਭਰਵਾਂ ਸਾਥ ਦਿੱਤਾ ਹੈ ਜਦੋਂ ਕਿ ਕੈਲਗਰੀ ਅਤੇ ਪੇਂਡੂ ਖੇਤਰਾਂ ਵਿਚ ਯੂਪੀਸੀ ਦਾ ਪਲੜਾ ਭਾਰੀ ਰਿਹਾ ਹੈ। ਯੂਸੀਪੀ ਦੇ ਕਈ ਕੈਬਨਿਟ ਮੰਤਰੀਆਂ ਨੂੰ ਵੀ ਇਨ੍ਹਾਂ ਚੋਣਾਂ ਵਿਚ ਹਾਰ ਦਾ ਮੂੰਹ ਦੇਖਣਾ ਪਿਆ ਹੈ।
ਜ਼ਿਕਰਯੋਗ ਹੈ ਕਿ 2019 ਵਿਚ ਯੂਪੀਸੀ ਨੇ ਜੇਸਨ ਕੇਨੀ ਦੀ ਅਗਵਾਈ ਵਿਚ ਚੋਣਾਂ ਲੜੀਆਂ ਸਨ ਅਤੇ 63 ਸੀਟਾਂ ਉਪਰ ਜਿੱਤ ਹਾਸਲ ਕੀਤੀ ਸੀ। ਜੇਸਨ ਕੇਨੀ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਡੈਨੀਅਲ ਸਮਿਥ ਨੇ ਪਾਰਟੀ ਦੀ ਵਾਗਡੋਰ ਸੰਭਾਲੀ ਸੀ ਅਤੇ ਉਨ੍ਹਾਂ ਦੀ ਰਹਿਨੁਮਾਈ ਹੇਠ ਯੂਸੀਪੀ ਨੂੰ ਇਸ ਵਾਰ 49 ਸੀਟਾਂ ਉਪਰ ਹੀ ਸਬਰ ਕਰਨਾ ਪਿਆ ਹੈ।