ਬੀਜਿੰਗ, 27 ਜਨਵਰੀ- ਚੀਨ ਦੇ ਮੌਸਮ ਵਿਭਾਗ ਨੇ ਦੇਸ਼ ਦੇ ਕੁਝ ਇਲਾਕਿਆਂ ਵਿੱਚ ਭਾਰੀ ਬਰਫ਼ਬਾਰੀ ਅਤੇ ਬਰਫੀਲੇ ਤੂਫਾਨ ਦੇ ਖਦਸ਼ੇ ਦੇ ਮੱਦੇਨਜ਼ਰ ਯੇਲੋ ਐਲਰਟ ਜਾਰੀ ਕੀਤਾ ਹੈ। ਚੀਨ ਦੇ ਰਾਸ਼ਟਰੀ ਮੌਸਮ ਵਿਗਿਆਨ ਕੇਂਦਰ ਨੇ ਦੱਸਿਆ ਕਿ ਸਵੇਰ ਤੋਂ ਕੱਲ੍ਹ ਸਵੇਰ ਤੱਕ ਗਾਂਸੁ, ਸ਼ਾਂਕਸੀ, ਹੇਨਾਨ, ਹੁਬੇਈ ਅਤੇ ਅਨਹੁਈ ਦੇ ਕੁਝ ਹਿੱਸਿਆਂ ਵਿੱਚ ਚਾਰ ਤੋਂ ਅੱਠ ਸੈਂਟੀਮੀਟਰ ਬਰਫ਼ਬਾਰੀ ਹੋ ਸਕਦੀ ਹੈ।
ਅਧਿਕਾਰੀਆਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਕੁਝ ਖੇਤਰਾਂ ਵਿੱਚ 10 ਸੈਂਟੀਮੀਟਰ ਤੋਂ ਵੱਧ ਬਰਫ਼ਬਾਰੀ ਹੋ ਸਕਦੀ ਹੈ। ਮੌਸਮ ਵਿਗਿਆਨ ਕੇਂਦਰ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ ਅਤੇ ਸਥਾਨਕ ਪ੍ਰਸ਼ਾਸਨ ਨੂੰ ਸੜਕਾਂ, ਰੇਲਵੇ, ਬਿਜਲੀ ਅਤੇ ਦੂਰ ਸੰਚਾਰ ਸੇਵਾਵਾਂ ਲਈ ਸਾਵਧਾਨੀ ਵਾਲੇ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਚੀਨ ਵਿੱਚ ਚਾਰ ਪੱਧਰੀ ਮੌਸਮ ਚਿਤਾਵਨੀ ਪ੍ਰਣਾਲੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਰੈੱਡ ਮਤਲਬ ਲਾਲ ਸਭ ਤੋਂ ਗੰਭੀਰ, ਇਸ ਮਗਰੋਂ ਗੰਭੀਰਤਾ ਦੇ ਘੱਟ ਹੋਣ ਨਾਲ ਓਰੇਂਜ (ਨਾਰੰਗੀ) , ਯੇਲੋ (ਪੀਲਾ) ਅਤੇ ਬਲੂ (ਨੀਲਾ) ਚਿਤਾਵਨੀ ਜਾਰੀ ਕੀਤੀ ਜਾਂਦੀ ਹੈ।