ਚੰਡੀਗੜ੍ਹ23 ਦਸੰਬਰ 2021- ਕਾਂਗਰਸ ਦੇ ਸੀਨੀਅਰ ਆਗੂ ਹਰੀਸ਼ ਰਾਵਤ ਵੱਲੋਂ ਉਤਰਾਖੰਡ ਚੋਣਾਂ ਵਿੱਚ ਸੰਗਠਨ ਤੋਂ ਸਹਿਯੋਗ ਨਾ ਮਿਲਣ ਦੇ ਬਿਆਨ ਨੂੰ ਲੈ ਕੇ ਪੰਜਾਬ ਵਿੱਚ ਵੀ ਹੰਗਾਮਾ ਸ਼ੁਰੂ ਹੋ ਗਿਆ ਹੈ। ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸੀ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਦੇ ਕਾਂਗਰਸ ਹਾਈਕਮਾਂਡ ‘ਤੇ ਤੰਜ ਨੇ ਕਾਂਗਰਸ ਹਾਈਕਮਾਂਡ ‘ਤੇ ਇਸ਼ਾਰਿਆਂ-ਇਸ਼ਾਰਿਆਂ ‘ਚ ਹਮਲਾ ਬੋਲਿਆ ਹੈ। ਮਨੀਸ਼ ਤਿਵਾੜੀ ਨੇ ਕਿਹਾ ਕਿ ਪਹਿਲਾਂ ਆਸਾਮ, ਫਿਰ ਪੰਜਾਬ ਅਤੇ ਹੁਣ ਉਤਰਾਖੰਡ ਵਿੱਚ ਭੋਗ (ਮ੍ਰਿਤਕ ਦੀ ਅੰਤਿਮ ਰਸਮ) ਪੂਰੀ ਕੀਤੀ ਜਾਵੇਗੀ, ਜਿਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਤਿਵਾੜੀ ‘ਨੇ ਇਸ ਤਰ੍ਹਾਂ ਦੇ ਇਸ਼ਾਰਿਆਂ ਚ ਹਮਲਾ ਕੀਤਾ ਹੈ।
ਇਸ ਤੋਂ ਪਹਿਲਾਂ ਵੀ ਉਹ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਤੋਂ ਲੈ ਕੇ ਕਾਂਗਰਸ ਹਾਈਕਮਾਂਡ ਦੇ ਹੋਰ ਆਗੂਆਂ ‘ਤੇ ਨਿਸ਼ਾਨਾ ਸਾਧਦੇ ਰਹੇ ਹਨ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਹਰੀਸ਼ ਰਾਵਤ ਨੇ ਕਾਂਗਰਸ ਹਾਈਕਮਾਂਡ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੀ ਕਿ ਉੱਤਰਾਖੰਡ ਚੋਣਾਂ ‘ਚ ਪਾਰਟੀ ਦੀ ਜਿੱਤ ਲਈ ਜੋ ਕੰਮ ਉਹ ਕਰ ਰਹੇ ਹਨ, ਹਾਈਕਮਾਂਡ ਜਾਂ ਉਸ ਦੇ ਕਰੀਬੀ ਲੋਕ ਉਨ੍ਹਾਂ ਦਾ ਸਮਰਥਨ ਨਹੀਂ ਕਰ ਰਹੇ ਹਨ।
ਇਸ ਤੋਂ ਬਾਅਦ ਕਾਂਗਰਸ ਨੇਤਾ ਮਨੀਸ਼ ਤਿਵਾੜੀ ਨੇ ਨਿਸ਼ਾਨਾ ਸਾਧਿਆ ਹੈ। ਇਸ ਦੇ ਨਾਲ ਹੀ ਹਰੀਸ਼ ਰਾਵਤ ਨੇ ਸੋਸ਼ਲ ਮੀਡੀਆ ਰਾਹੀਂ ਬਦਲਾਅ ਦੇ ਸੰਕੇਤ ਦਿੱਤੇ ਸਨ। ਉਨ੍ਹਾਂ ਨੇ ਟਵਿੱਟਰ ‘ਤੇ ਲਿਖਿਆ। ਨਵਾਂ ਸਾਲ ਰਾਹ ਦਿਖਾਵੇ। ਮੈਨੂੰ ਵਿਸ਼ਵਾਸ ਹੈ ਕਿ ਭਗਵਾਨ ਕੇਦਾਰਨਾਥ ਜੀ ਇਸ ਸਥਿਤੀ ਵਿੱਚ ਮੇਰਾ ਮਾਰਗਦਰਸ਼ਨ ਕਰਨਗੇ।”
ਇਹ ਵੀ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਮਨੀਸ਼ ਤਿਵਾੜੀ ਕਈ ਵਾਰ ਕਾਂਗਰਸ ਦੇ ਤਰੀਕਿਆਂ ‘ਤੇ ਆਪਣੀ ਆਵਾਜ਼ ਉਠਾ ਚੁੱਕੇ ਹਨ। ਪਿਛਲੇ ਦਿਨੀਂ ਜਾਰੀ ਕੀਤੀ ਗਈ ਆਪਣੀ ਕਿਤਾਬ ਵਿੱਚ ਮਨੀਸ਼ ਤਿਵਾੜੀ ਨੇ ਇਹ ਵੀ ਲਿਖਿਆ ਸੀ ਕਿ ਜਦੋਂ ਸਾਲ 2008 ਵਿੱਚ ਮੁੰਬਈ ‘ਤੇ ਅੱਤਵਾਦੀ ਹਮਲਾ ਹੋਇਆ ਸੀ ਤਾਂ ਕੇਂਦਰ ਦੀ ਉਸ ਸਮੇਂ ਦੀ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਨੇ ਉਸ ਪਾਕਿਸਤਾਨ ਨੂੰ ਢੁੱਕਵਾਂ ਜਵਾਬ ਨਹੀਂ ਦਿੱਤਾ ਸੀ, ਜਿਸ ਨੇ ਇਹ ਹਮਲਾ ਕੀਤਾ ਸੀ। ਮਨੀਸ਼ ਦੀ ਕਿਤਾਬ ‘ਚ ਲਿਖੀ ਇਸ ਘਟਨਾ ਨੂੰ ਭਾਜਪਾ ਨੇ ਮੁੱਦਾ ਬਣਾਇਆ ਅਤੇ ਕਾਂਗਰਸ ‘ਤੇ ਅੱਤਵਾਦ ਵਿਰੁੱਧ ਜ਼ਬਰਦਸਤੀ ਕਾਰਵਾਈ ਤੋਂ ਬਚਣ ਦਾ ਦੋਸ਼ ਲਾਇਆ।