ਨਿਗਾਸਨ (ਲਖੀਮਪੁਰ ਖੀਰੀ), 6 ਅਕਤੂਬਰ, 2021: ਯੂ ਪੀ ਦੇ ਲਖੀਮਪੁਰ ਖੀਰੀ ਵਿਚ ਹੋਈ ਹਿੰਸਾ ਦੌਰਾਨ ਮਾਰਿਆ ਗਿਆ ਪੱਤਰਕਾਰ ਅਸਲ ਵਿਚ ਜਿਉਂਦਾ ਸੀ ਪਰ ਪੁਲਿਸ ਨੇ ਉਸਨੁੰ ਮੋਰਚਰੀ ਵਿਚ ਪਹੁੰਚਾ ਦਿੱਤਾ ਤੇ ਮੈਡੀਕਲ ਸਹਾਇਤਾ ਨਾ ਮਿਲਣ ਕਾਰਨ ਉਸਦੀ ਮੌਤ ਹੋ ਗਈ। ਇਹ ਦਾਅਵਾ ਪੱਤਰਕਾਰ ਰਮਨ ਕਸ਼ਯਪ ਦੇ ਭਰਾ ਪਵਨ ਕਸ਼ਯਪ ਨੇ ਕੀਤਾ ਹੈ।
’ਦਾ ਪ੍ਰਿੰਟ’ ਦੀ ਰਿਪੋਰਟ ਮੁਤਾਬਕ ਪਵਨ ਕਸ਼ਯਪ ਨੇ ਕਿਹਾ ਕਿ ਸਾਨੂੰ ਕੁਝ ਲੋਕਾਂ ਨੇ ਦੱਸਿਆ ਹੈ ਕਿ ਜਦੋਂ ਪੁਲਿਸ ਰਮਨ ਨੁੰ ਮੋਰਚਰੀ ਵਿਚ ਲੈ ਗਈ ਤਾਂ ਉਦੋਂ ਰਮਨ ਜਿਉਂਦਾ ਸੀ ਪਰ ਮੈਡੀਕਲ ਸਹਾਇਤਾ ਨਾ ਮਿਲਣ ਕਾਰਨ ਉਸਦੀ ਮੌਤ ਹੋ ਗਈ। ਉਸਨੇ ਕਿਹਾਕਿ ਪ੍ਰਸ਼ਾਸਨ ਨੇ ਉਸਨੁੰ ਕਿਸੇ ਨੇੜਲੇ ਹਸਪਤਾਲ ਵਿਚ ਪਹੁੰਚਾਉਣ ਦਾ ਯਤਨ ਨਹੀ਼ ਕੀਤਾ ਤੇ ਨਾ ਹੀ ਪਰਿਵਾਰ ਨਾਲ ਸੰਪਰਕ ਕੀਤਾ। ਉਹਨਾਂ ਕਿਹਾ ਕਿ ਜਿਸ ਥਾਂ ’ਤੇ ਘਟਨਾ ਵਾਪਰੀ ਸੀ, ਉਦੋਂ 100ਤੋਂ 200ਮੀਟਰ ਦੀ ਦੂਰੀ ’ਤੇ ਤਿੰਨ ਹਸਪਤਾਲ ਹਨ। ਜੇਕਰ ਉਸਨੂੰ ਹਸਪਤਾਲ ਪਹੁੰਚਾਇਆ ਗਿਆ ਹੁੰਦਾ ਤਾਂ ਸ਼ਾਇਦ ਉਹ ਜਿਉਂਦਾ ਹੁੰਦਾ।
ਉਸਨੇ ਮੰਗ ਕੀਤੀ ਕਿ ਜਿਸ ਕੋਤਵਾਲੀ ਨੇ ਉਸਨੁੰ 45 ਕਿਲੋਮੀਟਰ ਦੂਰ ਮੋਰਚਰੀ ਵਿਚ ਪਹੁੰਚਾਇਆ, ਉਹ ਵੀ ਪੁਲਿਸ ਕਾਰ ਵਿਚ ਨਾ ਕਿ ਐਂਬੂਲੈਂਸ ਵਿਚ ਉਸਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।
ਪੁਲਿਸ ਨੇ ਇਹਨਾਂ ਦੋਸ਼ਾਂ ਦਾ ਖੰਡਨ ਕੀਤਾ ਹੈ। ਤਿਕੋਨੀਆ ਦੇ ਐਸ ਐਚ ਓ ਬਲੇਂਦੂ ਗੌਤਮ ਨੇ ਕਿਹਾ ਕਿ ਅਸੀਂ ਕਸ਼ਯਪ ਸਮੇਤ ਚਾਰ ਫੱਟੜਾਂ ਨੁੰ ਹਸਪਤਾਲ ਲੈ ਗਏ ਸੀ। ਕਸ਼ਯਪ ਦੀ ਹਸਪਤਾਲ ਪਹੁੰਚਣ ਮਗਰੋਂ ਮੌਤ ਹੋ ਗਈ ਜਿਸ ਮਗਰੋਂ ਉਸਨੂੰ ਮੋਰਚਰੀ ਵਿਚ ਸ਼ਿਫਟ ਕਰ ਦਿੱਤਾ ਗਿਆ।