ਔਕਲੈਂਡ, 16 ਜੂਨ 2020 – ਨਿਊਜ਼ੀਲੈਂਡ ‘ਚ ਲਗਾਤਾਰ 24 ਦਿਨਾਂ ਦੇ ਅੰਤਰਾਲ ਬਾਅਦ ਕੋਰੋਨਾ ਬਿਮਾਰੀ ਦੇ 2 ਨਵੇਂ ਕੇਸ ਦੇਸ਼ ਅੰਦਰ ਦੁਬਾਰਾ ਪਹੁੰਚ ਗਏ ਹਨ। ਇਹ ਕੇਸ ਬ੍ਰਿਟੇਨ ਤੋਂ ਆਈਆਂ ਦੋ ਮਹਿਲਾ ਯਾਤਰੀਆਂ (ਉਮਰ 40 ਅਤੇ 30 ਸਾਲ) ਦੇ ਹਨ ਜੋ ਕਿ ਕਿਸੇ ਮ੍ਰਿਤਕ ਦੇ ਪਰਿਵਾਰ ਨੂੰ ਮਿਲਣ ਆਈਆਂ ਸਨ। ਇਹ ਔਕਲੈਂਡ ਤੋਂ ਵਲਿੰਗਟਨ ਤੱਕ ਕਾਰ ਵਿੱਚ ਗਈਆਂ ਸਨ। ਉਹ ਕੋਰੋਨਾ ਦਾ ਕਾਫੀ ਖਿਆਲ ਰੱਖਦੀਆਂ ਸਨ ਅਤੇ ਰਸਤੇ ਦੇ ਵਿਚ ਕਿਸੇ ਪੈਟਰੋਲ ਪੰਪ ‘ਤੇ ਵੀ ਨਹੀਂ ਰੁਕੀਆਂ।
ਉਨ੍ਹਾਂ ਨੇ ਪ੍ਰਾਈਵੇਟ ਕਾਰ ਦੀ ਵਰਤੋਂ ਕੀਤੀ ਸੀ। ਇਹ ਔਰਤਾਂ 7 ਜੂਨ ਨੂੰ ਇੱਥੇ ਆਈਆਂ ਸਨ ਅਤੇ ਮੈਨੇਜਡ ਆਈਸੋਲੇਸ਼ਨ ਦੇ ਵਿੱਚ ਸਨ ਅਤੇ ਵਿਸ਼ੇਸ਼ ਪ੍ਰਵਾਨਗੀ ਅਧੀਨ 13 ਜੂਨ ਨੂੰ ਵਲਿੰਗਟਨ ਗਈਆਂ ਸਨ। ਵਲਿੰਗਟਨ ਵਿਖੇ ਉਨ੍ਹਾਂ ਦਾ ਟੈਸਟ ਹੋਇਆ ਅਤੇ ਪਾਜ਼ੀਟਿਵ ਪਾਈਆਂ ਗਈਆਂ। ਉਹ ਵਾਇਆ ਬ੍ਰਿਸਬੇਨ ਅਤੇ ਦੋਹਾ ਆਈਆਂ ਸਨ।
ਬੀਤੇ ਕੱਲ੍ਹ ਆਖ਼ਰੀ ਪੁਸ਼ਟੀ ਕੀਤੇ ਕੇਸ ਤੋਂ 24 ਦਿਨ ਹੋਏ ਸਨ ਅਤੇ ਆਕਲੈਂਡ ਵਿੱਚ ਮੈਰਿਸਟ ਕਾਲਜ ਦੇ ਕਲੱਸਟਰ ਦਾ ਅੰਤ ਵੀ ਹੋਇਆ ਸੀ ਜਿਸ ਨੇ 96 ਲੋਕ ਪਾਜ਼ੀਟਿਵ ਕੀਤੇ ਸਨ। ਸਿਹਤ ਮੰਤਰਾਲੇ ਦਾ ਇਲੈਮੀਨੇਸ਼ਨ ਡੇਅ ਵੀ ਕੱਲ੍ਹ ਸੀ – ਆਖ਼ਰੀ ਕਮਿਊਨਿਟੀ ਟਰਾਂਸਮਿਸ਼ਨ ਕੇਸ ਆਈਸੋਲੇਸ਼ਨ ਹੋਣ ਤੋਂ ਬਾਅਦ ਬਾਹਰ ਆਇਆ ਸੀ। ਉਸ ਕੇਸ ਵਿੱਚ ਮਨਿਸਟਰੀ ਆਫ਼ ਪ੍ਰਾਇਮਰੀ ਇੰਡਸਟਰੀ ਦਾ ਇੱਕ ਵਰਕਰ ਸੀ ਜੋ ਟਾਰਗੈਟਿੰਗ ਟੈਸਟਿੰਗ ਦੌਰਾਨ ਪਾਜ਼ੀਟਿਵ ਆਇਆ ਸੀ, ਉਹ 30 ਅਪ੍ਰੈਲ ਨੂੰ ਆਈਸੋਲੇਸ਼ਨ ਵਿੱਚ ਚਲਾ ਗਿਆ ਸੀ ਅਤੇ 18 ਮਈ ਨੂੰ ਬਾਹਰ ਆਇਆ ਸੀ।
2 ਨਵੇਂ ਕੇਸਾਂ ਦਾ ਅਰਥ ਹੈ ਕਿ ਨਿਊਜ਼ੀਲੈਂਡ ਵਿੱਚ ਪੁਸ਼ਟੀ ਕੀਤੇ ਕੇਸਾਂ ਦੀ ਕੁੱਲ ਗਿਣਤੀ 1156 ਤੱਕ ਪਹੁੰਚ ਗਈ ਹੈ, ਪੁਸ਼ਟੀ ਕੀਤੇ ਗਏ ਅਤੇ ਸੰਭਾਵਿਤ ਕੇਸਾਂ ਦੀ ਸਾਂਝੀ ਕੁੱਲ ਗਿਣਤੀ ਹੁਣ 1506 ਹੈ। ਜੋ ਦੇਸ਼ ਵੱਲੋਂ ਵਿਸ਼ਵ ਸਿਹਤ ਸੰਗਠਨ ਨੂੰ ਰਿਪੋਰਟ ਕੀਤੇ ਗਏ ਹਨ।