ਨਵੀਂ ਦਿੱਲੀ, 16 ਜੂਨ, 2020 : ਦਿੱਲੀ ਦੇ ਇਕ ਵਪਾਰੀ ਨੇ ਚਾਰ ਲੋਕਾਂ ਨੂੰ ਸੁਪਾਰੀ ਦੇ ਕੇ ਆਪਣਾ ਹੀ ਕਤਲ ਕਰਵਾ ਦਿੱਤਾ ਤਾਂ ਕਿ ਉਸਦੇ ਪਰਿਵਾਰ ਨੂੰ ਬੀਮੇ ਦੀ ਰਾਸ਼ੀ ਮਿਲ ਸਕੇ। ਇਹ ਪ੍ਰਗਟਾਵਾ ਪੁਲਿਸ ਨੇ ਕੀਤਾ ਹੈ।
ਡਿਪਟੀ ਕਮਿਸ਼ਨਰ ਪੁਲਿਸ (ਆਊਟਰ) ਏ ਕੋਆਂ ਨੇ ਦੱਸਿਆ ਕਿ ਮ੍ਰਿਤਕ ਵਪਾਰੀ ਗੌਰਵ ਦਿੱਲੀ ਦਾ ਰਹਿਣ ਵਾਲਾ ਸੀ ਤੇ ਇਸ ਵੇਲੇ ਬਹੁਤ ਹੀ ਨਿਰਾਸ਼ਾ ਦੇ ਆਲਮ ਵਿਚੋਂ ਲੰਘ ਰਿਹਾ ਸੀ। ਉਸਨੇ ਛੇ ਲੱਖ ਰੁਪਏ ਦਾ ਪਰਸਨਲ ਲੋਨ ਵੀ ਲਿਆ ਹੋਇਆ ਸੀ। ਉਸਨ ਖੁਦ ਹੀ ਆਪਣਾ ਕਤਲ ਕਰਵਾ ਕੇ ਪਰਿਵਾਰ ਨੂੰ ਬੀਮਾ ਰਾਸ਼ੀ ਦੁਆਉਣ ਦੀ ਸਾਜ਼ਿਸ਼ ਘੜੀ।
ਉਹਨਾਂ ਦੱਸਿਆ ਕਿ ਉਸਦੀ ਪਤਨੀ ਨੇ ਆਨੰਦ ਵਿਹਾਰ ਪੁਲਿਸ ਸਟੇਸ਼ਨ ਵਿਚ 9 ਜੂਨ ਨੂੰ ਦੇਰ ਰਾਤ 12.30 ਵਜੇ ਸ਼ਿਕਾਇਤ ਦਿੱਤੀ ਕਿ ਉਸਦਾ ਪਤੀ ਸਵੇਰੇ 10.00 ਵਜੇ ਘਰ ਤੋਂ ਗਿਆ ਸੀ ਤੇ ਵਾਪਸ ਨਹੀਂ ਪਰਤਿਆ। ਉਹ ਕੜਕੜਡੂਮਾ ਵਿਚ ਗਰੋਸਰੀ ਸ਼ਾਪ ਚਲਾਉਂਦਾ ਸੀ। ਉਸਦਾ ਫੋਨ ਵੀ ਨਹੀਂ ਮਿਲ ਰਿਹਾ।
ਉਹਨਾਂ ਦੱਸਿਆ ਕਿ ਅਗਲੇ ਹੀ ਦਿਨ ਪੀ ਸੀ ਆਰ ‘ਤੇ ਫੋਨ ਆਇਆ ਕਿ ਝੀਲ ਦੇ ਕੰਡੇ ‘ਤ ਇਕ ਵਿਅਕਤੀ ਦੀ ਲਾਸ਼ ਦਰਖਤ ਨਾਲ ਲਟਕ ਰਹੀ ਹੈ। ਉਸਦੀ ਸ਼ਨਾਖਤ ਗੌਰਵ ਬਾਂਸਲ ਵਜੋਂ ਹੋਈ । ਪੁਲਿਸ ਨੇ ਕਤਲ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਖੁਫੀਆ ਇਤਲਾਹ ਦੇ ਆਧਾਰ ‘ਤੇ ਸੂਰਜ ਦਾ ਨਾਂ ਮੁਲਜ਼ਮ ਫੜਿਆ ਗਿਆ। ਉਸਦੇ ਦੱਸਣ ‘ਤੇ ਮਨੋਜ, ਸੁਮਿਤ ਤੇ ਇਕ ਨਾਬਾਲਗ ਵੀ ਫੜਿਆ ਗਿਆ। ਪੁੱਛ ਗਿੱਛ ਦੌਰਾਨ ਨਾਬਾਲਗ ਨੇ ਦੱਸਿਆ ਕਿ ਵਪਾਰੀ ਨੇ ਆਪਣਾ ਹੀ ਕਤਲ ਕਰਵਾਉਣ ਵਾਸਤੇ ਉਹਨਾਂ ਨੂੰ ਪੈਸੇ ਦਿੱਤੇ ਸਨ। ਉਹਨਾਂ ਦੱਸਿਆ ਕਿ ਦੋਸ਼ੀਆਂ ਨੇ ਗੌਰਵ ਨੂੰ ਖੇੜੀ ਬਾਬਾ ਪੁਲ ਨਜਫਗੜ ਕੋਲ ਲਟਕਾ ਕੇ ਮਾਰ ਦਿੱਤਾ। ਦੋਸ਼ੀਆਂ ਨੇ ਇਹ ਵੀ ਦੱਸਿਆ ਕਿ ਵਪਾਰੀ ਨੇ ਉਹਨਾਂ ਨੂੰ ਕਿਹਾ ਸੀ ਕਿ ਜੇਕਰ ਉਹ ਉਸਨੂੰ ਮਾਰ ਦੇਣ ਤਾਂ ਬੀਮੇ ਦੀ ਰਾਸ਼ੀ ਪਰਿਵਾਰ ਨੂੰ ਮਿਲ ਜਾਵੇਗੀ।