ਸੰਗਰੂਰ, 17 ਸਤੰਬਰ, 2021- ਸਹਿਕਾਰਤਾ ਅਤੇ ਜੇਲਾਂ ਮੰਤਰੀ ਸ੍ਰ. ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਅਤੇ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਪ੍ਰਬੰਧਕ ਨਿਰਦੇਸ਼ਕ ਸ਼੍ਰੀ ਰਾਜੀਵ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੈਂਕਾਂ ਦੀ ਕਰਜਾ ਵੰਡ ਮੁਹਿੰਮ ਨੂੰ ਤੇਜ਼ ਕਰਦਿਆਂ ਜਿਲ੍ਹਾ ਸੰਗਰੂਰ ਦੇ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੀਆਂ 6 ਬਰਾਂਚਾਂ ਵੱਲੋਂ 18 ਲਾਭਪਾਤਰੀਆਂ ਨੂੰ 52.45 ਲੱਖ ਦੇ ਕਰਜੇ ਵੰਡੇ ਗਏ ਅਤੇ 7 ਲਾਭਪਾਤਰੀਆਂ ਨੂੰ 35.50 ਲੱਖ ਦੇ ਕਰਜੇ ਮੰਨਜੂਰ ਕੀਤੇ ਗਏ। ਇਹ ਜਾਣਕਾਰੀ ਸ੍ਰ. ਬੀਰਦਵਿੰਦਰ ਸਿਘ ਸਹਾਇਕ ਜਨਰਲ ਮੈਨੇਜਰ ਪੀ.ਏ.ਡੀ.ਬੀਜ਼ ਜਿਲ੍ਹਾ ਸੰਗਰੂਰ ਵੱਲੋਂ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਪੀ.ਏ.ਡੀ.ਬੀ ਸੰਗਰੂਰ, ਭਵਾਨੀਗੜ੍ਹ, ਦਿੜ੍ਹਬਾ ਅਤੇ ਸੁਨਾਮ ਵਿਖੇ ਕਰਜ਼ਾ ਵੰਡ ਸਮਾਰੋਹ ’ਚ ਸ੍ਰ.ਅਵਤਾਰ ਸਿੰਘ ਗੰਗਾ ਸਿੰਘ ਵਾਲਾ ਡਾਇਰੈਕਟਰ ਐਸ.ਏ.ਡੀ.ਬੀ. ਚੰਡੀਗੜ੍ਹ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਅਤੇ ਹੋਰਨਾਂ ਸਹਾਇਕ ਧੰਦਿਆਂ ਲਈ ਇਹਨਾਂ 4 ਬੈਂਕਾਂ ਵੱਲੋਂ 10 ਲਾਭਪਾਤਰੀਆਂ ਨੂੰ 29.05 ਲੱਖ ਦਾ ਕਰਜ਼ਾ ਮੌਕੇ ’ਤੇ ਵੰਡਿਆ ਗਿਆ ਅਤੇ 5 ਲਾਭਪਾਤਰੀਆਂ ਨੂੰ 21.50 ਲੱਖ ਦੇ ਕਰਜ਼ੇ ਮੌਕੇ ਤੇ ਹੀ ਮੰਨਜੂਰ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਪੀ.ਏ.ਡੀ.ਬੀ ਧੂਰੀ ਵਿਖੇ ਸ੍ਰ. ਮਹਿਕਰਣਜੀਤ ਸਿੰਘ ਡਾਇਰੈਕਟਰ, ਐਸ.ਏ.ਡੀ.ਬੀ ਚੰਡੀਗੜ੍ਹ ਦੀ ਅਗਵਾਈ ਵਿੱਚ 6 ਲਾਭਪਾਤਰੀਆਂ ਨੂੰ 11.90 ਲੱਖ ਦੇ ਕਰਜੇ ਵੰਡੇ ਗਏ ਅਤੇ 2 ਲਾਭਪਾਤਰੀਆਂ ਨੂੰ 14.00 ਲੱਖ ਦੇ ਕਰਜੇ ਮੰਨਜੂਰ ਕੀਤੇ ਗਏ। ਉਨ੍ਹਾਂ ਦੱਸਿਆ ਕਿ ਪੀ.ਏ.ਡੀ.ਬੀ ਸ਼ੇਰਪੁਰ ਵਿੱਚ ਪ੍ਰਬੰਧਕ ਕਮੇਟੀ ਦੀ ਹਾਜਰੀ ਵਿੱਚ 2 ਲਾਭਪਾਤਰੀਆਂ ਨੂੰ 11.50 ਲੱਖ ਦੇ ਕਰਜੇ ਵੰਡੇ ਗਏ।
ਉਨ੍ਹਾਂ ਦੱਸਿਆ ਕਿ ਹਾਜ਼ਰ ਮੈਂਬਰਾਂ ਨੂੰ ਬੈਂਕ ਦੀਆਂ ਕਰਜ਼ਾ ਸਕੀਮਾਂ ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਮੌਕੇ ਪੀ.ਏ.ਡੀ.ਬੀ ਦੇ ਚੇਅਰਮੈਨ ਸ੍ਰ. ਸੁਖਵਿੰਦਰ ਸਿੰਘ ਈਸੀ ਅਤੇ ਹੋਰ ਕਮੇਟੀ ਮੈਂਬਰ ਹਾਜ਼ਰ ਸਨ।