ਚੰਡੀਗੜ੍ਹ,30 ਅਗਸਤ 2021-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਕਿਸਾਨਾਂ ਬਾਰੇ ਕੀਤੀ ਟਿੱਪਣੀ ਨੇ ਉਨਾਂ ਦੀ ਸਰਕਾਰ ਦਾ ਕਿਸਾਨ ਵਿਰੋਧੀ ਏਜੰਡਾ ਉਜਾਗਰ ਕਰ ਦਿੱਤਾ ਹੈ। ਮੁੱਖ ਮੰਤਰੀ ਕੈਪਟਨ ਨੇ ਮੁੱਖ ਮੰਤਰੀ ਖੱਟਰ ਤੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੂੰ ਯਾਦ ਕਰਵਾਇਆ ਕਿ ਕਰਨਾਲ ਵਿਚ ਜੋ ਕਿਸਾਨ ਭਾਜਪਾ ਦੀ ਮੀਟਿੰਗ ਦਾ ਵਿਰੋਧ ਕਰ ਰਹੇ ਸਨ ਉਹ ਪੰਜਾਬ ਦੇ ਨਹੀਂ ਸਨ। ਕਿਸਾਨਾਂ ਦੇ ਗੁੱਸੇ ਲਈ ਭਾਜਪਾ ਨੂੰ ਜਿੰਮੇਵਾਰ ਠਹਿਰਉਂਦੇ ਹੋਏ ਮੁੱਖ ਮੰਤਰੀ ਕੈਪਟਨ ਨੇ ਕਿਹਾ ਕਿ ਮੁੱਖ ਮੰਤਰੀ ਖੱਟਰ ਤੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੂੰ ਕਿਸਾਨਾਂ ਦੀਆਂ ਚਿੰਤਾਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ, ਜੇਕਰ ਕਿਸਾਨਾਂ ਬਾਰੇ ਹਮਦਰਦੀ ਹੁੰਦੀ ਤਾਂ ਇਨਾਂ ਗੰਭੀਰ ਸੰਕਟ ਨਾ ਪੈਦਾ ਹੁੰਦਾ। ਮੁੱਖ ਮੰਤਰੀ ਕੈਪਟਨ ਨੇ ਮੁੱਖ ਮੰਤਰੀ ਖੱਟਰ ਦੇ ਉਸ ਦਾਅਵੇ ਨੂੰ ਰੱਦ ਕੀਤਾ ਕਿ ਕਿਸਾਨਾਂ ਵੱਲੋਂ ਕਾਨੂੰਨ ਭੰਗ ਕਰਨ ਤੋਂ ਬਾਅਦ ਹੀ ਪੁਲਿਸ ਨੇ ਤਾਕਤ ਦੀ ਵਰਤੋਂ ਕੀਤੀ, ਜਦੋਂ ਕਿ ਕਰਨਾਲ ਵਿਖੇ ਐਸਡੀਐਮ ਦੀ ਵਾਇਰਲ ਹੋਈ ਵੀਡਿਓ ਤੋਂ ਬਾਅਦ ਹੀ ਅਜਿਹੇ ਹਾਲਤ ਪੈਦਾ ਹੋਏ ਸਨ।
ਕੈਪਟਨ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਭਾਜਪਾ ਬਾਰੇ ਕਿਸਾਨਾਂ ਵਿਚ ਭਾਰੀ ਨਰਾਜਗੀ ਹੈ ਅਤੇ ਕਿਸਾਨ ਆਪਣੀ ਹੋਂਦ ਤੇ ਪਰਿਵਾਰਾਂ ਨੂੰ ਬਚਾਉਣ ਲਈ ਲਡ਼ ਰਹੇ ਹਨ। ਕੋਰੋਨਾ ਮਹਾਮਾਰੀ ਵਿਚਕਾਰ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਬਾਰੇ ਸਖਤ ਫੈਸਲੇ ਲਏ ਜਾ ਰਹੇ ਹਨ।
ਮੁੱਖ ਮੰਤਰੀ ਖੱਟਰ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਗੰਨੇ ਦੇ ਭਾਅ ਨੂੰ ਲੈ ਕੇ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਦੇ ਹੱਥੋਂ ਲੱਡੂ ਖਾਣ ਦੇ ਬਾਰੇ ਕੈਪਟਨ ਨੇ ਕਿਹਾ ਕਿ ਭਾਜਪਾ ਸਰਕਾਰ ਖੇਤੀ ਕਾਨੂੰਨ ਰੱਦ ਕਰੇ, ਉਹ ਤੁਹਾਡੇ ਨਾਲ ਵੀ ਲੱਡੂ ਖਾਣ ਲਈ ਤਿਆਰ ਹਨ।