ਮਾਨਸਾ 11 ਅਗਸਤ 2021 – ਮਾਨਸਾ ਦੇ ਬੱਚਤ ਭਵਨ ਵਿਖੇ ਸੈਨੇਟ ਚੋਣਾਂ ਦੇ ਉਮੀਦਵਾਰ ਸ੍ਰੀ ਨਰੇਸ਼ ਗੌੜ ਜੀ ਦੇ ਸਮਰਥਨ ਵਿੱਚ ਇੱਕ ਭਰਵੀਂ ਮੀਟਿੰਗ ਸੀਨੀਅਰ ਐਡਵੋਕੇਟ ਸ਼੍ਰੀ ਬਦਰੀ ਨਰਾਇਣ ਗੋਇਲ, ਆੜਤੀ ਐਸੋਸੀਏਸਨ ਦੇ ਪ੍ਰਧਾਨ ਤੇ ਸਾਬਕਾ ਬੈਂਕ ਮੁਲਾਜ਼ਮ ਜਤਿੰਦਰ ਮੋਹਨ ਗਰਗ, ਐਸ. ਬੀ. ਆਈ. ਯੂਨੀਅਨ ਦੇ ਆਗੂ ਜਸਵੀਰ ਤੇ ਮਾਸਟਰ ਰਾਵਿੰਦਰ ਕੁਮਾਰ ਦੀ ਪ੍ਰਧਾਨਗੀ ਥੱਲੇ ਹੋਈ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਨਰੇਸ਼ ਗੌੜ ਜੀ ਨੇ ਕਿਹਾ ਕਿ 18 ਅਗਸਤ 21 ਨੂੰ ਹੋ ਰਹੀਆਂ ਸੈਨੇਟ ਚੋਣਾਂ ਪੰਜਾਬ ਯੂਨੀਵਰਸਿਟੀ ਦਾ ਭਵਿੱਖ ਤਹਿ ਕਰਨਗੀਆਂ। ਉਕਤ ਯੂਨੀਵਰਸਿਟੀ ਹੀ ਇੱਕ ਅਜਿਹੀ ਯੂਨੀਵਰਸਿਟੀ ਹੈ ਜਿਸ ਦੀ ਗਵਰਨਿੰਗ ਬਾਡੀ ਚੁਣੀ ਜਾਂਦੀ ਹੈ, ਜਦੋਂ ਕਿ ਦੂਸਰੀਆਂ ਯੂਨੀਵਰਸਿਟੀਆਂ ਵਿੱਚ ਨਾਮਜਦ ਹੁੰਦੀ ਹੈ। ਉਨਾਂ ਨੇ ਅੱਗੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਸੰਘੀ ਟੋਲਾ ਮੈਨੇਜਮੈਂਟ ਵਿੱਚ ਘੁਸਪੈਠ ਕਰ ਚੁੱਕਾ ਹੈ, ਜਿਸ ਵੱਲੋਂ ਸਾਜਸ਼ਾਂ ਗੁੰਦੀਆਂ ਜਾ ਰਹੀਆਂ ਹਨ ਕਿ ਉਕਤ ਨੂੰ ਕੇਂਦਰੀ ਯੂਨੀਵਰਸਿਟੀ ਵਿੱਚ ਤਬਦੀਲ ਕਰ ਦਿੱਤਾ ਜਾਵੇ। ਇਸ ਦੇ ਰਾਹ ਵਿੱਚ ਅੜਿੱਕਾ ਬਣੀ ਸੈਨੇਟ ਨੂੰ ਖਤਮ ਕਰਕੇ ਵੀ.ਸੀ. ਦੇ ਪਿੱਠੂਆਂ ਨੂੰ ਨਾਮਜਦ ਗਵਰਨਿੰਗ ਬਾਡੀ ਬਣਾਈ ਜਾਵੇ। ਇਸ ਲਈ ਹੋ ਰਹੀਆਂ ਸੀਨੇਟ ਚੋਣਾਂ ਨੂੰ ਮਹਿਜ ਰਸਮੀ ਚੋਣਾਂ ਵਜੋਂ ਲੈਣਾ ਵੱਡੀ ਭੁੱਲ ਹੋਵੇਗੀ। ਇਹ ਯੂਨੀਵਰਸਿਟੀ ਦੀ ਹੋਂਦ ਤੋਂ ਇਲਾਵਾ ਪੰਜਾਬ, ਪੰਜਾਬੀਅਤ ਨੂੰ ਬਚਾਉਣ ਦਾ ਹਥਿਆਰ ਬਣਨਗੀਆਂ।
ਅੰਤ ਵਿੱਚ ਸ਼੍ਰੀ ਗੌੜ ਜੀ ਨੇ ਅਪੀਲ ਕੀਤੀ ਕਿ 18 ਅਗਸਤ ਨੂੰ ਹੋ ਰਹੀਆਂ ਸੈਨੇਟ ਚੋਣਾਂ ਵਿੱਚ ਉਨਾਂ ਦੇ ਸੀਰੀਲ ਨੰ: 29 ਤੇ ਇੱਕ ਦਾ ਡੰਡਾ (।) ਲਾ ਕੇ ਸਫਲ ਕੀਤਾ ਜਾਵੇ ਤਾਂ ਕਿ ਮੈਂ ਚਲ ਰਹੀਆਂ ਕੋਝੀਆਂ ਸਾਜਸ਼ਾਂ ਨੂੰ ਰੋਕਣ ਵਿੱਚ ਯੋਗਦਾਨ ਪਾ ਸਕਾਂ।
ਆਰੰਭ ਵਿੱਚ ਸ਼: ਜਸਵੀਰ ਸਿੰਘ ਵੱਲੋਂ ਗੌੜ ਜੀ ਨੂੰ ਤੇ ਮੀਟਿੰਗ ਵਿੱਚ ਸ਼ਾਮਲ ਹਾਜਰੀਨ ਨੂੰ ਜੀ ਆਇਆਂ ਕਿਹਾ। ਐਡਵੋਕੇਟ ਬਦਰੀ ਨਰਾਇਣ ਗੋਇਲ ਜੀ ਮਾਨਸਾ ਜਿਲੇ ਵਿੱਚ ਚੱਲ ਰਹੀ ਚੋਣ ਮੁਹਿੰਮ ਤੇ ਹੁਣ ਤੱਕ ਹੋਈ ਪ੍ਰਗਤੀ ਨੂੰ ਸਾਂਝਾ ਕੀਤਾ। ਜਤਿੰਦਰ ਮੋਹਨ ਗਰਗ ਨੇ ਕਿਹਾ ਕਿ ਗੌੜ ਲਈ ਵੋਟਰਾਂ ਨੂੰ ਤਿਆਰ ਕਰਨ ਤੋਂ ਬਿਨਾਂ ਵੋਟਾਂ ਭੁਗਤਾਉਣੀਆਂ ਵੱਡਾ ਤੇ ਅਹਿਮ ਕਾਰਜ ਹੈ। ਐਸ.ਜੀ.ਪੀ.ਸੀ. ਦੇ ਮੈਂਬਰ ਮਿੱਠੂ ਸਿੰਘ ਕਾਹਨਕੇ ਨੇ ਐਲਾਨ ਕੀਤਾ ਕਿ ਸੰਯੁਕਤ ਸ਼੍ਰੋਮਣੀ ਅਕਾਲੀ ਦਲ ਗੌੜ ਜੀ ਦੀ ਡੱਟ ਕੇ ਮੱਦਦ ਕਰੇਗਾ। ਪ੍ਰੋ: ਅਸ਼ੋਕ ਸਿੰਘ ਮਿੱਤਲ ਨੇ ਬਠਿੰਡਾ ਵਿਖੇ ਚੱਲ ਰਹੀ ਚੋਣ ਮੁਹਿੰਮ ਨੂੰ ਸਾਂਝਾ ਕੀਤਾ। ਮਾਸਟਰ ਰਵਿੰਦਰ ਮਿਗਲਾਨੀ ਨੇ ਸਭ ਦਾ ਧੰਨਵਾਦ ਕੀਤਾ।