ਮੁਹਾਲੀ – ਆਰੀਅਨਜ਼ ਗਰੁੱਪ ਆਫ਼ ਕਾਲੇਜਿਸ ਰਾਜਪੁਰਾ ਨੇੜੇ ਚੰਡੀਗੜ੍ਹ ਵਿਖੇ ਬਲੈਕ ਫੰਗਸ ਦੇ ਲੱਛਣਾਂ ਅਤੇ ਇਲਾਜ਼ ਬਾਰੇ ਜਾਗਰੂਕਤਾ ਲਈ ਇਕ ਵੈਬਿਨਾਰ ਆਯੋਜਿਤ ਕੀਤਾ ਗਿਆ।ਡਾ. ਦੀਪਿਕਾ ਸ਼ਰਮਾ, ਡੀ.ਐਸ.ਟੀ ਵੂਮੈਨ ਸਾਇੰਟਿਸਟ, ਇੰਸਟੀਚਿਊਟ ਆਫ ਮਾਈਕ੍ਰੋਬਿਅਲ ਟੈਕਨਾਲੋਜੀ ਚੰਡੀਗੜ੍ਹ ਨੇ ਆਰੀਅਨਜ਼ ਦੇ ਨਰਸਿੰਗ, ਫਾਰਮੇਸੀ, ਲਾਅ, ਇੰਜੀਨੀਅਰਿੰਗ, ਮੈਨੇਜਮੈਂਟ, ਬੀ.ਐਡ ਅਤੇ ਐਗਰੀਕਲਚਰ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਆਰੀਅਨਜ਼ ਗਰੁੱਪ ਦੇ ਚੇਅਰਮੈਨ ਡਾ: ਅੰਸ਼ੂ ਕਟਾਰੀਆ ਨੇ ਇਸ ਵੈਬਿਨਾਰ ਦੀ ਪ੍ਰਧਾਨਗੀ ਕੀਤੀ।ਡਾ: ਸ਼ਰਮਾ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਲੈਕ ਫੰਗਸ ਦੀ ਬਿਮਾਰੀ ਆਮ ਤੌਰ ਤੇ ਮਿੱਟੀ, ਪੌਦੇ, ਖਾਦ,ਫਲਾਂ ਅਤੇ ਸੜੀਆਂ ਹੋਈਆਂ ਸਬਜ਼ੀਆਂ ਵਿੱਚ ਪਾਏ ਜਾਣ ਵਾਲੇ ਮਿਊਕਰ ਮੌਲਡ ਦੇ ਸੰਪਰਕ ਵਿੱਚ ਆਉਣ ਕਾਰਨ ਹੁੰਦੀ ਹੈ। ਸ਼ਰਮਾ ਨੇ ਕਿਹਾ ਕਿ ਇਹ ਦਿਮਾਗ ਅਤੇ ਫੇਫੜਿਆਂ ਨੂੰ ਪ੍ਰਭਾਵਤ ਕਰਨ ਦੇ ਨਾਲ-ਨਾਲ ਸ਼ੂਗਰ,ਕੈਂਸਰ ਜਾਂ ਐੱਚ.ਆਈ.ਵੀ ਮਰੀਜ਼ਾਂ ਵਰਗੇ ਗੰਭੀਰ ਵਿਅਕਤੀਆਂ ਲਈ ਜਾਨਲੇਵਾ ਹੋ ਸਕਦਾ ਹੈ।ਉਨਾ ਨੇ ਅੱਗੇ ਕਿਹਾ ਕਿ ਅੱਖਾਂ ਅਤੇ ਨੱਕ ਦੇ ਦੁਆਲੇ ਦਰਦ ਅਤੇ ਲਾਲੀ, ਬੁਖਾਰ, ਸਿਰ ਦਰਦ, ਖੰਘ, ਸਾਹ ਦੀ ਕਮੀ, ਖੂਨੀ ਉਲਟੀਆਂ ਅਤੇ ਮਾਨਸਿਕ ਸਥਿਤੀ ਵਿੱਚ ਤਬਦੀਲੀ ਆਦਿ ਵੀ ਬਲੈਕ ਫੰਗਸ ਦੇ ਲੱਛਣਾਂ ਵਿੱਚ ਸ਼ਾਮਲ ਹਨ। ਬਲੈਕ ਫੰਗਸ ਦੇ ਕਮਜ਼ੋਰ ਸਮੂਹਾਂ ਵਿੱਚ ਉਹ ਲੋਕ ਸ਼ਾਮਲ ਹੁੰਦੇ ਹਨ, ਜਿਨ੍ਹਾਂ ਨੂੰ ਸਿਹਤ ਸਮੱਸਿਆਵਾਂ ਹਨ ਜਾਂ ਉਹ ਸਰੀਰ ਵਿੱਚ ਕੀਟਾਣੂ ਅਤੇ ਬਿਮਾਰੀ ਨਾਲ ਲੜਨ ਦੀ ਯੋਗਤਾ ਨੂੰ ਘਟਾਉਂਣ ਵਾਲੀਆਂ ਦਵਾਈਆਂ ਲੈਂਦੇ ਹਨ ਹਨ।ਵਿਦਿਆਰਥੀਆਂ ਦੇ ਪ੍ਰਸ਼ਨਾਂ ਦੇ ਜਵਾਬ ਦਿੰਦਿਆਂ ਉਸਨੇ ਕਿਹਾ ਕਿ ਲਾਗ ਦਾ ਇਲਾਜ ਕਰਨ ਲਈ ਨਿਰਧਾਰਤ ਐਂਟੀਫੰਗਲ ਦਵਾਈ ਦੀ ਲੋੜ ਹੈ। ਕੁਝ ਮਾਮਲਿਆਂ ਵਿੱਚ, ਇਸ ਨੂੰ ਸਰਜਰੀ ਦੀ ਜ਼ਰੂਰਤ ਹੋ ਸਕਦੀ ਹੈ। ਇਸ ਦੀ ਮੌਤ ਦਰ 50% ਹੈ ਅਤੇ ਕੋਵਿਡ -19 ਮਰੀਜ਼ਾਂ ਦੀ ਸਿਹਤ ਲਈ ਜਿਆਦਾ ਨਾਜੁਕ ਹੈ।ਸਾਨੂੰ ਬਾਗਬਾਨੀ ਕਰਦੇ ਸਮੇਂ ਮਾਸਕ, ਜੁੱਤੇ, ਲੰਬੀਆਂ ਕਮੀਜ਼ਾਂ ਅਤੇ ਦਸਤਾਨੇ ਵਰਤਣੇ ਚਾਹੀਦੇ ਹਨ।ਉਨਾ ਨੇ ਨਿੱਜੀ ਸਵੱਛਤਾ ਬਣਾਈ ਰੱਖਣ ਤੇ ਵੀ ਜ਼ੋਰ ਦਿੱਤਾ।