ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕੀਤੀ ਰਾਜਸਥਾਨ ਦੇ ਟਰੱਸਟ ਦੀ ਕੋਵੀਸਰਵ ਸੇਵਾ ਦੀ ਰਸਮੀ ਸ਼ੁਰੂਆਤ
ਅੰਮ੍ਰਿਤਸਰ – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਵੱਲੋਂ ਪੰਜ ਹਜ਼ਾਰ ਕੋਰੋਨਾ ਵੈਕਸੀਨ ਦਾ ਪ੍ਰਬੰਧ ਕੀਤਾ ਗਿਆ ਹੈ, ਜੋ ਲੋਕਾਂ ਨੂੰ ਮੁਫ਼ਤ ਲਗਾਈ ਜਾਵੇਗੀ। ਇਸ ਸਬੰਧ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਪਲਾਜ਼ਾ ਵਿਖੇ 29 ਮਈ ਤੋਂ ਕੈਂਪ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਹ ਪ੍ਰਗਟਾਵਾ ਰਾਜਸਥਾਨ ਦੇ ਪਰਾਨਧਾਰੀਨ ਟਰੱਸਟ ਵੱਲੋਂ ਕੋਰੋਨਾ ਦੌਰਾਨ ਜਾਨਾਂ ਗਵਾਉਣ ਵਾਲੇ ਲੋਕਾਂ ਦੀ ਮੱਦਦ ਲਈ ਕੋਵੀਸਰਵ ਸੇਵਾ ਦੀ ਰਸਮੀ ਸ਼ੁਰੂਆਤ ਕਰਨ ਮੌਕੇ ਕੀਤਾ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਹਮੇਸ਼ਾ ਹੀ ਮਾਨਵਤਾ ਦੀ ਭਲਾਈ ਲਈ ਕਾਰਜਸ਼ੀਲ ਰਹਿੰਦੀ ਹੈ ਅਤੇ ਮੌਜੂਦਾ ਕੋਰੋਨਾ ਮਹਾਂਮਾਰੀ ਦੌਰਾਨ ਵੀ ਲਗਾਤਾਰ ਮਾਨਵ ਹਿੱਤਕਾਰੀ ਸੇਵਾਵਾਂ ਦੇ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ ਅੰਦਰ 8 ਕੋਵਿਡ ਕੇਅਰ ਕੇਂਦਰ ਕੰਮ ਕਰ ਰਹੇ ਹਨ। ਇਨ੍ਹਾਂ ਸੇਵਾਵਾਂ ਨੂੰ ਹੋਰ ਅੱਗੇ ਵਧਾਉਂਦਿਆਂ ਹੁਣ ਸ਼੍ਰੋਮਣੀ ਕਮੇਟੀ ਵੱਲੋਂ ਪੰਜ ਹਜ਼ਾਰ ਕੋਰੋਨਾ ਵੈਕਸੀਨ ਲਗਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਕਾਰਜ ਲਈ ਸ਼੍ਰੋਮਣੀ ਕਮੇਟੀ ਵੱਲੋਂ 53 ਲੱਖ ਰੁਪਏ ਖਰਚੇ ਗਏ ਹਨ ਅਤੇ ਵੈਕਸੀਨ ਲਗਾਉਣ ਵਾਲੇ ਲੋਕਾਂ ਪਾਸੋਂ ਕੋਈ ਵੀ ਪੈਸਾ ਨਹੀਂ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸੂਚਨਾ ਕੇਂਦਰ ਨਜ਼ਦੀਕ ਪਲਾਜ਼ਾ ਵਿਖੇ 29 ਮਈ ਨੂੰ ਕੋਵਿਡ ਵੈਕਸੀਨ ਦੇ ਕੈਂਪ ਦੀ ਸ਼ੁਰੂਆਤ ਕੀਤੀ ਜਾਵੇਗੀ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਇਸ ਕੈਂਪ ਦਾ ਲਾਭ ਲੈਣ ਲਈ ਆਪਣੇ ਅਧਾਰ ਕਾਰਡ ਸਹਿਤ ਪੁੱਜਣ। ਇਸ ਮੌਕੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਅਮਰੀਕਾ ਤੋਂ ਫਾਈਜ਼ਰ ਵੈਕਸੀਨ ਲਈ ਵੀ ਭਾਰਤ ਸਰਕਾਰ ਨੂੰ ਲਿਖਿਆ ਗਿਆ ਸੀ, ਪਰੰਤੂ ਅਜੇ ਤੀਕ ਕੋਈ ਵੀ ਜਵਾਬ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਅਮਰੀਕਾ ਦੀਆਂ ਸਿੱਖ ਸੰਸਥਾਵਾਂ ਸ਼੍ਰੋਮਣੀ ਕਮੇਟੀ ਨੂੰ ਇਸ ਵੈਕਸੀਨ ਲਈ ਸਹਿਯੋਗ ਕਰਨਾ ਚਾਹੁੰਦੀਆਂ, ਪਰੰਤੂ ਭਾਰਤ ਦੀ ਸਰਕਾਰ ਅੜਿੱਕਾ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਆਕਸੀਜਨ ਪਲਾਂਟ ਲਈ ਜਰਨੇਟਰ ਖਰੀਦ ਕੀਤੇ ਗਏ ਹਨ। ਇਕ ਜਰਨੇਟਰ ਪ੍ਰਤੀ ਮਿੰਟ ਇਕ ਹਜ਼ਾਰ ਲੀਟਰ ਆਕਸੀਜਨ ਪੈਦਾ ਕਰੇਗਾ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦਾ ਮੰਤਵ 150 ਵੈਂਟੀਲੇਟਰ ਦੀ ਵਾਰਡ ਸਥਾਪਿਤ ਕਰਨਾ ਹੈ, ਤਾਂ ਜੋ ਮਰੀਜ਼ਾਂ ਦੀ ਦੇਖਭਾਲ ਕੀਤੀ ਜਾ ਸਕੇ। ਉਨ੍ਹਾਂ ਵਿਦੇਸ਼ਾਂ ਦੀ ਸੰਗਤ ਵੱਲੋਂ ਕੋਵਿਡ ਕੇਅਰ ਕੇਂਦਰ ਲਈ ਵੱਡੀ ਪੱਧਰ ’ਤੇ ਦਿੱਤੇ ਗਏ ਆਕਸੀਜਨ ਕੰਸਨਟਰੇਟਰਾਂ ਲਈ ਧੰਨਵਾਦ ਕੀਤਾ। ਬੀਬੀ ਜਗੀਰ ਕੌਰ ਨੇ ਪੰਜਾਬ ਦੀ ਸਰਕਾਰ ’ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਅੱਜ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਵਿਚ ਕੋਰੋਨਾ ਨਾਲ ਨਜਿੱਠਣ ਲਈ ਕੋਈ ਖ਼ਾਸ ਪ੍ਰਬੰਧ ਨਹੀਂ ਕੀਤੇ ਗਏ, ਇਸੇ ਦਾ ਹੀ ਨਤੀਜ਼ਾ ਹੈ ਕਿ ਲੋਕ ਵੱਡੀ ਪੱਧਰ ’ਤੇ ਮਹਾਮਾਰੀ ਦੀ ਲਪੇਟ ਵਿਚ ਆ ਰਹੇ ਹਨ।ਇਸ ਦੌਰਾਨ ਬੀਬੀ ਜਗੀਰ ਕੌਰ ਨੇ ਰਾਜਸਥਾਨ ਦੇ ਪਰਾਨਧਾਰੀਨ ਟਰੱਸਟ ਵੱਲੋਂ ਕੋਰੋਨਾ ਕਾਰਨ ਚਲਾਣਾ ਕਰ ਗਏ ਲੋਕਾਂ ਦੇ ਪਰਿਵਾਰਾਂ ਦੀ ਸਾਰ ਲੈਣ ਲਈ ਸ਼ੂਰੂ ਕੀਤੀ ਸੇਵਾ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਕੋਰੋਨਾ ਮਹਾਮਾਰੀ ਕਾਰਨ ਜਾਨਾਂ ਗਵਾਉਣ ਵਾਲੇ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਲਾਭ ਮਿਲੇਗਾ। ਟਰੱਸਟ ਦੇ ਮੁਖੀ ਆਰਸੀਐਸ ਡਾ. ਸੰਜੀਵ ਕੁਮਾਰ ਦਾਸ ਜੋ ਜੈਸਲਮੇਰ ਵਿਖੇ ਪ੍ਰੋਵੀਡੈਂਟ ਫੰਡ ਅਫ਼ਸਰ ਹਨ, ਨੇ ਦੱਸਿਆ ਕਿ ਕੋਵੀਸਰਵ ਸੇਵਾ ਤਹਿਤ ਕੋਰੋਨਾ ਪੀੜ੍ਹਤ ਪਰਿਵਾਰਾਂ ਨੂੰ ਕਿੱਤਾਮੁਖੀ ਸਿਖਲਾਈ ਦੇ ਕੇ ਰੋਜ਼ਗਾਰ ਦੇ ਕਾਬਿਲ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿਹੜੇ ਲੋਕ ਕੋਰੋਨਾ ਕਰਕੇ ਸੰਸਾਰ ਤੋਂ ਚਲੇ ਗਏ ਹਨ, ਉਨ੍ਹਾਂ ਦੇ ਪਰਿਵਾਰ ਪਰਾਨ ਐਪੀਲੀਕੇਸ਼ਨ ਦੇ ਜ਼ਰੀਏ ਰਜਿਸਟਰਡ ਹੋ ਸਕਣਗੇ, ਜਿਸ ਤੋਂ ਬਾਅਦ ਟਰੱਸਟ ਵੱਲੋਂ ਉਨ੍ਹਾਂ ਦੀ ਲੋੜ ਅਨੁਸਾਰ ਸਹਾਇਤਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਨੁੱਖੀ ਸੇਵਾ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵੱਡੀ ਕੋਈ ਮਿਸਾਲ ਨਹੀਂ ਹੈ, ਇਸੇ ਕਰਕੇ ਕੋਵੀਸਰਵ ਪ੍ਰੋਜੈਕਟ ਦੀ ਸ਼ੁਰੂਆਤ ਇਥੋਂ ਕੀਤੀ ਜਾ ਰਹੀ ਹੈ। ਡਾ. ਦਾਸ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਦਾ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਓਐਸਡੀ ਡਾ. ਸੁਖਬੀਰ ਸਿੰਘ, ਡਾ. ਅਮਰੀਕ ਸਿੰਘ, ਪਰਾਨਧਾਰੀਨ ਟਰੱਸਟ ਤੋਂ ਸ੍ਰੀ ਅਸ਼ੀਸ਼ ਸ਼ਰਮਾ, ਸ੍ਰੀ ਅਭਨਵ ਸਵਾਮੀ, ਸ੍ਰੀ ਰਮੇਸ਼ ਆਦਿ ਮੌਜੂਦ ਸਨ।