ਨਵੀਂ ਦਿੱਲੀ – ਪਿਛਲੇ 2 ਮਹੀਨੇ ਤੋਂ ਭਾਰਤ ਲਗਾਤਾਰ ਕੋਵਿਡ-19 ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ। ਇਸ ਦੌਰਾਨ ਰੂਸ ਨੇ ਦੋਸਤੀ ਨਿਭਾਉਂਦੇ ਹੋਏ ਭਾਰਤ ਲਈ ਮੈਡੀਕਲ ਮਦਦ ਭੇਜੀ ਹੈ। ਇਕ ਵਾਰ ਫਿਰ ਰੂਸ ਨੇ ਭਾਰਤ ਦੀ ਮਦਦ ਲਈ ਐਮਰਜੈਂਸੀ ਦਵਾਈਆਂ ਦੀ ਬਹੁਤ ਵੱਡੀ ਖੇਪ ਭੇਜੀ ਹੈ। ਇਹਨਾਂ ਵਿਚ ਰੇਮਡੇਸਿਵਿਰ ਵੈਕਸੀਨ ਦੀ ਵੱਡੀ ਖੇਪ ਸ਼ਾਮਲ ਹੈ। ਇਸ ਦੇ ਨਾਲ ਹੀ ਰੂਸ ਨੇ ਕਈ ਹੋਰ ਐਮਰਜੈਂਸੀ ਮੈਡੀਕਲ ਦਵਾਈਆਂ ਭਾਰਤ ਭੇਜੀਆਂ ਹਨ। ਰੂਸ ਤੋਂ ਦਵਾਈਆਂ ਦੀ ਇਕ ਵੱਡੀ ਖੇਪ ਲੈਕੇ ਜਹਾਜ਼ ਭਾਰਤ ਪੁੱਜਿਆ ਹੈ।ਐਮਰਜੈਂਸੀ ਮੈਡੀਕਲ ਦਵਾਈਆਂ ਭਾਰਤ ਭੇਜਣ ਤੋਂ ਬਾਅਦ ਰੂਸ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਉਹ ਲਗਾਤਾਰ ਮਨੁੱਖੀ ਆਧਾਰ ਤੇ ਭਾਰਤ ਦੀ ਮਦਦ ਕਰਨ ਲਈ ਨਾਲ ਹੈ। ਰੂਸ ਸਿਰਫ ਮੈਡੀਕਲ ਮਦਦ ਹੀ ਨਹੀਂ ਸਗੋਂ ਲਬੋਲ ਪਲੇਟਫਾਰਮ ਤੇ ਭਾਰਤ ਦੇ ਨਾਲ ਖੜ੍ਹਾ ਹੈ। ਭਾਵੇਂ ਉਹ ਵਿਸ਼ਵ ਸਿਹਤ ਸੰਗਠਨ ਹੋਵੇ, ਜੀ-20 ਸੰਮੇਲਨ ਹੋਵੇ ਜਾਂ ਫਿਰ ਬ੍ਰਿਕਸ ਹੋਵੇ। ਭਾਰਤ ਵਿੱਚ ਰੂਸ ਦੇ ਡਿਪਟੀ ਰਾਜਦੂਤ ਰੋਮਨ ਬਬੁਸ਼ਿਕਨ ਨੇ ਕਿਹਾ ਕਿ ਸਪੁਤਨਿਕ ਲਾਈਟ ਵੈਕਸੀਨ ਦਾ ਟ੍ਰਾਇਲ ਵੀ ਚੱਲ ਰਿਹਾ ਹੈ। ਵਿਸ਼ਵਾਸ ਹੈ ਕਿ ਉਹ ਸਪੁਤਨਿਕ ਲਾਈਟ ਦੀ ਸਪਲਾਈ ਵੀ ਜਲਦੀ ਤੋਂ ਜਲਦੀ ਭਾਰਤ ਵਿੱਚ ਕਰ ਪਾਵਾਂਗੇ ਤਾਂ ਜੋ ਭਾਰਤ ਵਿੱਚ ਟੀਕਾਕਰਨ ਦੀ ਗਤੀ ਤੇਜ਼ ਹੋਵੇ। ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਭਾਰਤ ਵਿੱਚ ਵੀ ਸਪੁਤਨਿਕ ਲਾਈਟ ਦਾ ਉਤਪਾਦਨ ਹੋਵੇ ਕਿਉਂਕਿ ਵਿਸ਼ਵ ਵਿੱਚ ਸਭ ਤੋਂ ਵੱਡਾ ਵੈਕਸੀਨ ਉਤਪਾਦਕ ਦੇਸ਼ ਭਾਰਤ ਹੈ। ਖਾਸ ਕਰ ਕੇ ਜਦੋਂ ਸਮਾਂ ਘੱਟ ਹੋਵੇ ਤਾਂ ਉਹ ਭਾਰਤ ਵਿੱਚ ਵੈਕਸੀਨ ਉਤਪਾਦਨ ਵਧਾ ਕੇ ਤੇਜ਼ੀ ਨਾਲ ਟੀਕਾਕਰਨ ਕਰ ਸਕਦੇ ਹਨ।
ਸਪੁਤਨਿਕ ਵੈਕਸੀਨ ਦੇ ਭਾਰਤ ਵਿੱਚ ਸਪਲਾਈ ਨੂੰ ਲੈ ਕੇ ਰੂਸੀ ਡਿਪਟੀ ਡਿਪਲੋਮੈਟ ਨੇ ਕਿਹਾ ਕਿ ਸਪੁਤਨਿਕ ਵੈਕਸੀਨ ਦੀ ਸਪਲਾਈ ਭਾਰਤ ਵਿੱਚ ਤੈਅ ਸ਼ਰਤਾਂ ਅਤੇ ਸ਼ੈਡਿਊਲ ਮੁਤਾਬਕ ਹੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਈ ਹੋਰ ਭਾਰਤੀ ਕੰਪਨੀਆਂ ਤੋਂ ਸਪੁਤਨਿਕ ਵੈਕਸੀਨ ਨੂੰ ਲੈ ਕੇ ਆਰਡਰ ਮੰਗ ਮਿਲੀ ਹੈ। ਕਈ ਰਾਜ ਸਰਕਾਰਾਂ ਨੇ ਵੀ ਵੈਕਸੀਨ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਹੈ। ਉਹ ਸਾਰੇ ਆਰਡਰਾਂ ਤੇ ਬਹੁਤ ਸਾਵਧਾਨੀ ਨਾਲ ਧਿਆਨ ਦੇ ਰਹੇ ਹਨ। ਜਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਰਾਜ ਸਰਕਾਰਾਂ ਨੂੰ ਵਿਦੇਸ਼ਾਂ ਤੋਂ ਵੈਕਸੀਨ ਖਰੀਦਣ ਲਈ ਛੋਟ ਦਿੱਤੀ ਹੋਈ ਹੈ।ਉੱਥੇ ਰੂਸ ਵਿਚ ਭਾਰਤ ਦੇ ਰਾਜਦੂਤ ਡੀ ਬਾਲਾ ਵੇਂਕਟੇਸ਼ ਸ਼ਰਮਾ ਨੇ ਜਾਣਕਾਰੀ ਦਿੱਤੀ ਹੈ ਕਿ ਮਈ ਦੇ ਅਖੀਰ ਤੱਕ ਸਪੁਤਨਿਕ-ਵੀ ਦੀਆਂ 30 ਲੱਖ ਖੁਰਾਕਾਂ ਰੂਸ ਤੋਂ ਭਾਰਤ ਪਹੁੰਚ ਜਾਣਗੀਆਂ। ਉੱਥੇ ਜੂਨ ਵਿਚ ਖੁਰਾਕਾਂ ਦੀ ਗਿਣਤੀ ਹੋਰ ਵਧਾ ਦਿੱਤੀ ਜਾਵੇਗੀ।ਉਹਨਾਂ ਕਿਹਾ ਕਿ ਭਾਰਤ ਵਿਚ ਸਪੁਤਨਿਕ ਦਾ ਉਤਪਾਦਨ ਤਿੰਨ ਫੇਜ਼ ਵਿੱਚ ਹੋਵੇਗਾ। ਸਭ ਤੋਂ ਪਹਿਲਾਂ ਰੂਸ ਤੋਂ ਤਿਆਰ ਕੁਝ ਵੈਕਸੀਨ ਭਾਰਤ ਭੇਜੀਆਂ ਜਾਣਗੀਆਂ ਜਿਸ ਦੀ ਸਪਲਾਈ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਦੂਜੇ ਪੜਾਅ ਵਿੱਚ ਆਰ.ਡੀ.ਆਈ.ਐੱਫ. ਵੱਡੀ ਗਿਣਤੀ ਵਿਚ ਵੈਕਸੀਨ ਭਾਰਤ ਭੇਜੇਗਾ। ਉਹ ਵਰਤੋਂ ਲਈ ਤਿਆਰ ਹੋਵੇਗੀ ਪਰ ਇਸ ਨੂੰ ਬੋਤਲਾਂ ਵਿੱਚ ਭਾਰਤ ਵਿੱਚ ਹੀ ਭਰਿਆ ਜਾਵੇਗਾ। ਤੀਜੇ ਪੜਾਅ ਵਿਚ ਰੂਸ ਭਾਰਤੀ ਕੰਪਨੀ ਨੂੰ ਤਕਨਾਲੋਜੀ ਦਾ ਟਰਾਂਸਫਰ ਕਰੇਗੀ ਜਿਸ ਬਾਅਦ ਭਾਰਤ ਵਿੱਚ ਹੀ ਇਸ ਦਾ ਉਤਪਾਦਨ ਸ਼ੁਰੂ ਹੋ ਜਾਵੇਗਾ।