ਨਵੀਂ ਦਿੱਲੀ ਐਨਫੋਰਸਮੈਂਟ ਡਾਇਰਕੈਟੋਰੇਟ (ਈਡੀ) ਨੇ ਆਕਸੀਜਨ ਕੰਸਨਟਰੇਟਰਾਂ ਦੀ ਜਮ੍ਹਾਂਖੋਰੀ ਅਤੇ ਕਾਲਾਬਾਜ਼ਾਰੀ ਦੇ ਮਾਮਲੇ ’ਚ ਕਾਰੋਬਾਰੀ ਨਵਨੀਤ ਕਾਲੜਾ ਤੇ ਉਸਦੇ ਸਾਥੀਆਂ ਖ਼ਿਲਾਫ਼ ਮਨੀ ਲਾਂਡਰਿੰਗ ਕੇਸ ਦਰਜ ਕੀਤਾ ਹੈ। ਕੇਂਦਰੀ ਜਾਂਚ ਏਜੰਸੀ ਨੇ ਦਿੱਲੀ ਪੁਲੀਸ ਵੱਲੋਂ 5 ਮਈ ਨੂੰ ਦਰਜ ਕੇਸ ਦਾ ਨੋਟਿਸ ਲਿਆ ਹੈ ਜੋ ਪੁਲੀਸ ਵੱਲੋਂ ਕਾਲੜਾ ਨਾਲ ਜੁੜੇ ਕੁਝ ਰੈਸਟਰੈਂਟਾਂ ਤੇ ਹੋਰ ਟਿਕਾਣਿਆਂ ’ਤੇ ਮਾਰੇ ਗਏ ਛਾਪਿਆਂ ਤੇ ਇਸ ਦੌਰਾਨ 500 ਤੋਂ ਵੱਧ ਕੰਸਨਟਰੇਟਰ ਬਰਾਮਦ ਹੋਣ ਮਗਰੋਂ ਦਰਜ ਕੀਤਾ ਗਿਆ ਸੀ। ਈਡੀ ਵੱਲੋਂ ਇਸ ਮਾਮਲੇ ਵਿੱਚ ਮਨੀ ਲਾਂਡਰਿੰਗ ਦੀ ਜਾਂਚ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਅੱਜ ਦਿੱਲੀ ਪੁਲੀਸ ਦੀ ਅਪਰਾਧ ਸ਼ਾਖਾ ਨੇ ਕਾਰੋਬਾਰੀ ਨਵਨੀਤ ਕਾਲੜਾ ਤੋਂ ਦੋ ਮੋਬਾਈਲ ਜ਼ਬਤ ਕੀਤੇ ਹਨ, ਜਿਸਨੂੰ ਆਕਸੀਜਨ ਕੰਸਨਟਰੇਟਰਾਂ ਦੀ ਕਾਲਾਬਾਜ਼ਾਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਮਾਮਲੇ ਦੀ ਜਾਂਚ ਕਰ ਰਹੀ ਅਪਰਾਧ ਸ਼ਾਖਾ ਨੇ ਕਾਲੜਾ ਤੋਂ ਦੋ ਮੋਬਾਈਲ ਫੋਨ ਜ਼ਬਤ ਕੀਤੇ ਹਨ ਜਿਨ੍ਹਾਂ ਨੂੰ ਅਗਲੀ ਜਾਂਚ ਲਈ ਫੋਰੈਂਸਿਕ ਸਾਇੰਸ ਲੈਬਾਰਟਰੀ ਭੇਜ ਦਿੱਤਾ ਗਿਆ ਹੈ।